ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ-1 ਦੀਆਂ ਪ੍ਰੀਖਿਆਵਾਂ ਨਵੰਬਰ-ਦਸੰਬਰ ਵਿਚ ਕਰਵਾਈਆਂ ਗਈਆਂ ਸਨ ਪਰ ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦਾ ਨਤੀਜਾ ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਬੋਰਡ ਨੇ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀਆਂ ‘ਆਂਸਰ-ਕੀਅ’ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਦਕਿ ਬਹੁ-ਵਿਕਲਪੀ ਪ੍ਰਸ਼ਨ ਆਧਾਰਿਤ ਪ੍ਰੀਖਿਆ ਦੀਆਂ ਆਂਸਰ-ਕੀਅ ਜਾਰੀ ਕਰਨੀਆਂ ਜ਼ਰੂਰੀ ਹੁੰਦੀਆਂ ਹਨ। ਇਹ ਖੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ’ਚ ਕੀਤਾ ਗਿਆ ਹੈ। ਬੋਰਡ ਨੇ ਟਰਮ-1 ਦੀਆਂ ਪ੍ਰੀਖਿਆਵਾਂ ਤੋਂ ਬਾਅਦ ਕਿਹਾ ਸੀ ਕਿ ਆਂਸਰ-ਕੀਅ ਜਲਦੀ ਜਾਰੀ ਕੀਤੀਆਂ ਜਾਣਗੀਆਂ।
ਅਧਿਆਪਕ ਅਰਵਿੰਦ ਰਾਣਾ ਨੇ ਸੀਬੀਐੱਸਈ ਕੋਲ ਆਰਟੀਆਈ ਪਾਈ ਕਿ ਉਸ ਨੂੰ ਦਸਵੀਂ ਜਮਾਤ ਦੇ ਟਰਮ-1 ਦੇ ਹਿੰਦੀ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ, ਵਿਗਿਆਨ ਤੇ ਪੰਜਾਬੀ ਪ੍ਰੀਖਿਆਵਾਂ ਦੀ ਆਂਸਰ ਕੀਅ ਜਾਰੀ ਕੀਤੀ ਜਾਵੇ ਪਰ ਸੀਬੀਐੱਸਈ ਨਵੀਂ ਦਿੱਲੀ ਨੇ 28 ਫਰਵਰੀ ਨੂੰ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਹਾਲੇ ਬੋਰਡ ਟਰਮ-1 ਦਾ ਨਤੀਜਾ ਤਿਆਰ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਕਰ ਕੇ ਹਾਲੇ ਟਰਮ-1 ਦੀ ਆਂਸਰ-ਕੀਅ ਜਾਰੀ ਨਹੀਂ ਕੀਤੀ ਜਾ ਸਕਦੀ ਪਰ ਇਹ ਨੇੜ ਭਵਿੱਖ ਵਿਚ ਜਨਤਕ ਕਰ ਦਿੱਤੀ ਜਾਵੇਗੀ। ਅਧਿਆਪਕ ਆਗੂ ਅਰਵਿੰਦ ਰਾਣਾ ਨੇ ਦੱਸਿਆ ਕਿ ਬੋਰਡ ਵੱਲੋਂ ਪਹਿਲਾਂ ਸਬਜੈਕਟਿਵ ਟਾਈਪ ਸਵਾਲਾਂ ਦੇ ਆਧਾਰ ’ਤੇ ਪ੍ਰੀਖਿਆ ਲਈ ਜਾਂਦੀ ਸੀ ਪਰ ਕਰੋਨਾ ਕਾਰਨ ਪਹਿਲੀ ਵਾਰ ਇਹ ਪ੍ਰੀਖਿਆ ਆਬਜੈਕਟਿਵ ਟਾਈਪ ਲਈ ਗਈ ਹੈ। ਜੇ ਬੋਰਡ ਨੇ ਆਂਂਸਰ-ਕੀਅ ਜਾਰੀ ਨਹੀਂ ਕਰਨੀਆਂ ਤਾਂ ਵਿਦਿਆਰਥੀ ਆਪਣੇ ਇਤਰਾਜ਼ ਕਿਸ ਤਰ੍ਹਾਂ ਦਾਖਲ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਇਹ ਪਤਾ ਹੀ ਨਹੀਂ ਲੱਗੇਗਾ ਕਿ ਉਨ੍ਹਾਂ ਕਿਹੜੇ ਸਵਾਲ ਸਹੀ ਕੀਤੇ ਹਨ ਤੇ ਕਿਹੜੇ ਗਲਤ।
ਬਹੁ-ਵਿਕਲਪੀ ਤੇ ਮੁਕਾਬਲਾ ਪ੍ਰੀਖਿਆਵਾਂ ਦੀਆਂ ਆਂਸਰ-ਕੀਅ ਜਾਰੀ ਕਰਨੀਆਂ ਜ਼ਰੂਰੀ
ਪੰਜਾਬ ਤੇ ਚੰਡੀਗੜ੍ਹ ਦੇ ਸਿੱਖਿਆ ਮਾਹਰਾਂ ਨੇ ਕਿਹਾ ਕਿ ਬਹੁ-ਵਿਕਲਪੀ ਤੇ ਮੁਕਾਬਲਾ ਪ੍ਰੀਖਿਆਵਾਂ ਦਾ ਨਤੀਜਾ ਜਾਰੀ ਕਰਨ ਤੋਂ ਪਹਿਲਾਂ ਆਂਸਰ-ਕੀਅ ਜਾਰੀ ਕਰਨੀਆਂ ਜ਼ਰੂਰੀ ਹੁੰਦੀਆਂ ਹਨ। ਮੁਹਾਲੀ ਸੀਬੀਐੱਸਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇ ਬੋਰਡ ਨੇ ਆਰਟੀਆਈ ਵਿੱਚ ਜਵਾਬ ਨਹੀਂ ਦਿੱਤਾ ਤਾਂ ਉਹ ਆਰਟੀਆਈ ਦੀ ਅਪੀਲੀ ਅਥਾਰਿਟੀ ਨੂੰ ਅਰਜ਼ੀ ਦੇ ਸਕਦੇ ਹਨ। ਦੂਜੇ ਪਾਸੇ ਵਿਦਿਆਰਥੀਆਂ ਨੇ ਟਵਿੱਟਰ ’ਤੇ ਮੰਗ ਕੀਤੀ ਹੈ ਕਿ ਟਰਮ-1 ਦੇ ਨਤੀਜੇ ਜਲਦੀ ਜਾਰੀ ਕੀਤੇ ਜਾਣ। ਕਈ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਘੱਟੋ ਘੱਟ ਇਹ ਤਾਂ ਦੱਸਿਆ ਜਾਵੇ ਕਿ ਬੋਰਡ ਜਮਾਤਾਂ ਦੇ ਨਤੀਜੇ ਕਿਸ ਤਾਰੀਖ ਨੂੰ ਜਾਰੀ ਹੋਣਗੇ।