ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਮਾਰਚ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਟਰਮ-2 ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦਸਵੀਂ ਜਮਾਤ ਦੀਆਂ ਆਫ਼ਲਾਈਨ ਪ੍ਰੀਖਿਆਵਾਂ 26 ਅਪਰੈਲ ਤੋਂ 24 ਮਈ ਦਰਮਿਆਨ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 26 ਅਪਰੈਲ ਤੋਂ 15 ਜੂਨ ਦਰਮਿਆਨ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਹੁਣ ਬਦਲ ਦਿੱਤਾ ਗਿਆ ਹੈ। ਜ਼ਿਆਦਾਤਰ ਪ੍ਰੀਖਿਆਵਾਂ ਸਵੇਰੇ 10.30 ਵਜੇ ਸ਼ੁਰੂ ਹੋਣਗੀਆਂ ਤੇ 12.30 ਵਜੇ ਸਮਾਪਤੀ ਹੋਵੇਗੀ, ਪਰ ਕਈ ਪੇਪਰ ਘੱਟ ਸਮੇਂ ਦੇ ਵੀ ਹੋਣਗੇ। ਪ੍ਰੀਖਿਆਵਾਂ ਵਿੱਚ ਸਬਜੈਕਟਿਵ ਸਵਾਲ ਆਉਣਗੇ।
ਬੋਰਡ ਵੱਲੋਂ ਦਸਵੀਂ ਜਮਾਤ ਦੀ ਪਹਿਲੀ ਪ੍ਰੀਖਿਆ 26 ਅਪਰੈਲ ਨੂੰ ਪੇਂਟਿੰਗ ਤੇ ਹੋਰ ਭਾਸ਼ਾਵਾਂ ਦੀ ਲਈ ਜਾਵੇਗੀ, 27 ਅਪਰੈਲ ਨੂੰ ਅੰਗਰੇਜ਼ੀ ਭਾਸ਼ਾ ਤੇ ਸਾਹਿਤ, 28 ਨੂੰ ਬਿਊਟੀ ਐਂਡ ਵੈੱਲਨੈੱਸ, ਐਗਰੀਕਲਚਰ, ਹੈਲਥ ਕੇਅਰ ਆਦਿ, 2 ਮਈ ਨੂੰ ਹੋਮ ਸਾਇੰਸ, 4 ਮਈ ਨੂੰ ਸੰਗੀਤ ਸਬੰਧੀ ਪ੍ਰੀਖਿਆਵਾਂ, 5 ਮਈ ਨੂੰ ਗਣਿਤ, 7 ਮਈ ਨੂੰ ਸੰਸਕ੍ਰਿਤ, 10 ਮਈ ਨੂੰ ਵਿਗਿਆਨ, 12 ਮਈ ਨੂੰ ਪੰਜਾਬੀ ਤੇ ਹੋਰ ਖੇਤਰੀ ਭਾਸ਼ਾਵਾਂ, 14 ਮਈ ਨੂੰ ਸੋਸ਼ਲ ਸਾਇੰਸ, 17 ਮਈ ਨੂੰ ਵੀ ਖੇਤਰੀ ਭਾਸ਼ਾਵਾਂ, 18 ਮਈ ਨੂੰ ਹਿੰਦੀ, 21 ਨੂੰ ਵਿਦੇਸ਼ੀ ਭਾਸ਼ਾਵਾਂ, 23 ਨੂੰ ਕੰਪਿਊਟਰ ਐਪਲੀਕੇਸ਼ਨ, 24 ਮਈ ਨੂੰ ਇਨਫਰਮੇਸ਼ਨ ਟੈਕਨਾਲੋਜੀ ਦੀ ਪ੍ਰੀਖਿਆ ਹੋਵੇਗੀ।
ਬਾਰ੍ਹਵੀਂ ਜਮਾਤ ਦਾ ਪਹਿਲਾ ਪੇਪਰ ਬਿਊਟੀ ਐਂਡ ਵੈੱਲਨੈੱਸ ਤੇ ਐਂਟਰਪ੍ਰਨਿਓਰਸ਼ਿਪ ਦਾ 26 ਅਪਰੈਲ ਨੂੰ, 28 ਨੂੰ ਬਾਇਓਟੈਕਨਾਲੋਜੀ, ਫੂਡ ਨਿਊਟ੍ਰੀਸ਼ਨ ਆਦਿ 2 ਮਈ ਨੂੰ ਹਿੰਦੀ, 4 ਮਈ ਨੂੰ ਕਥਕ, ਵੈੱਬ ਐਪਲੀਕੇਸ਼ਨਜ਼, ਹੌਰਟੀਕਲਚਰ, 6 ਮਈ ਨੂੰ ਸੋਸ਼ਿਆਲੋਜੀ, 7 ਨੂੰ ਕੈਮਿਸਟਰੀ, 10 ਨੂੰ ਫੂਡ ਪ੍ਰੋਡਕਸ਼ਨ, ਡਿਜ਼ਾਈਨ, 11 ਮਈ ਨੂੰ ਪੰਜਾਬੀ ਤੇ ਹੋਰ ਖੇਤਰੀ ਭਾਸ਼ਾਵਾਂ, 12 ਨੂੰ ਮਾਰਕੀਟਿੰਗ, 13 ਨੂੰ ਅੰਗਰੇਜ਼ੀ, 17 ਨੂੰ ਬਿਜ਼ਨਸ ਸਟੱਡੀਜ਼, 18 ਨੂੰ ਜਿਓਗ੍ਰਾਫ਼ੀ, 20 ਫਿਜ਼ਿਕਸ, 23 ਨੂੰ ਅਕਾਊਂਟੈਂਸੀ, 24 ਨੂੰ ਪੋਲੀਟੀਕਲ ਸਾਇੰਸ, 25 ਨੂੰ ਹੋਮ ਸਾਇੰਸ, 28 ਨੂੰ ਇਕਨਾਮਿਕਸ, 30 ਨੂੰ ਬਾਇਓਲੋਜੀ, 2 ਜੂਨ ਨੂੰ ਫਿਜ਼ੀਕਲ ਐਜੂਕੇਸ਼ਨ, 7 ਜੂਨ ਨੂੰ ਗਣਿਤ, 10 ਨੂੰ ਹਿਸਟਰੀ, 13 ਨੂੰ ਕੰਪਿਊਟਰ ਸਾਇੰਸ, 14 ਨੂੰ ਲੀਗਲ ਸਟੱਡੀਜ਼, 15 ਨੂੰ ਸਾਇਕਾਲੋਜੀ ਦੀ ਪ੍ਰੀਖਿਆ ਹੋਵੇਗੀ।
ਇਨ੍ਹਾਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਲਈ ਮਾਸਕ ਲਾਉਣਾ ਜ਼ਰੂਰੀ ਹੈ ਤੇ ਬੋਰਡ ਵੱਲੋਂ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਬਿਠਾਇਆ ਜਾਵੇਗਾ। ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਸਮਾਂ ਵਾਧੂ ਦਿੱਤਾ ਜਾਵੇਗਾ।
ਜੇਈਈ ਮੇਨਜ਼ ਦੀ ਪ੍ਰੀਖਿਆ ਵਿੱਚ ਡੇਟਸ਼ੀਟ ਨਹੀਂ ਬਣੇਗੀ ਅੜਿੱਕਾ
ਸੀਬੀਐੱਸਈ ਪ੍ਰੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਦੋਵੇਂ ਜਮਾਤਾਂ ਦੇ ਵਿਸ਼ਿਆਂ ਦੀ ਡੇਟਸ਼ੀਟ ਜਾਰੀ ਕਰਨ ਦੇ ਨਾਲ ਹੀ ਵਿਦਿਆਰਥੀਆਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਇਸ ਵਾਰ ਜੇਈਈ ਪ੍ਰੀਖਿਆਵਾਂ ਨਾਲ ਰੇੜਕਾ ਨਹੀਂ ਰਹੇਗਾ। ਜੇਈਈ ਮੇਨਜ਼ ਦੀ ਪ੍ਰੀਖਿਆ 24 ਤੋਂ 29 ਮਈ ਦਰਮਿਆਨ ਹੋਵੇਗੀ ਤੇ ਬਾਰ੍ਹਵੀਂ ਜਮਾਤ ਦੀਆਂ ਇਸ ਵਿਸ਼ੇ ਨਾਲ ਸਬੰਧਤ ਪ੍ਰੀਖਿਆਵਾਂ ਦੀ ਤਾਰੀਖ ਇਨ੍ਹਾਂ ਤਾਰੀਖਾਂ ਵਿੱਚ ਰੁਕਾਵਟ ਨਹੀਂ ਪਾਉਂਦੀ।