ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਫਰਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਮਾਨਤਾ ਨਵਿਆਉਣ ਲਈ ਹੁਣ ਸਕੂਲਾਂ ਦੀ ਵਰਚੁਅਲ ਜਾਂਚ ਕਰੇਗਾ। ਇਸ ਲਈ ਅਗਲੇ ਹਫ਼ਤੇ ਜਾਂਚ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਅਗਲੇ ਦਸ ਦਿਨਾਂ ਅੰਦਰ ਸਕੂਲਾਂ ਦੀ ਮਾਨਤਾ ਸਬੰਧੀ ਰਿਪੋਰਟ ਦੇਣਗੀਆਂ। ਜ਼ਿਕਰਯੋਗ ਹੈ ਕਿ ਸੀਬੀਐੱਸਈ ਨੇ ਕਰੋਨਾ ਕਾਰਨ ਮਾਨਤਾ ਦੇਣ ਦਾ ਕੰਮ ਰੋਕ ਦਿੱਤਾ ਸੀ, ਜਿਸ ਕਾਰਨ ਦੇਸ਼ ਭਰ ਦੇ ਵੱਡੀ ਗਿਣਤੀ ਸਕੂਲ ਨਵੀਂ ਮਾਨਤਾ ਜਾਂ ਮਾਨਤਾ ਨਵਿਆਉਣ ਤੋਂ ਵਾਂਝੇ ਰਹਿ ਗਏ। ਇਸ ਤੋਂ ਇਲਾਵਾ ਸਕੂਲਾਂ ਵੱਲੋਂ ਸਹੀ ਦਸਤਾਵੇਜ਼ ਨਾ ਸੌਂਪੇ ਜਾਣ ਕਾਰਨ ਸਕੂਲ ਐਫੀਲੀਏਸ਼ਨ ਰੀ-ਇੰਜਨੀਅਰਡ ਆਟੋਮੇਸ਼ਨ ਸਿਸਟਮ ਲਾਗੂ ਨਹੀਂ ਹੋ ਸਕਿਆ।
ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਅੱਜ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਸਕੂਲਾਂ ਵੱਲੋਂ ਸਹੀ ਜਾਣਕਾਰੀ ਨਾ ਦੇਣ ਕਾਰਨ ਸੈਸ਼ਨ 2022-23 ਦੀ ਮਾਨਤਾ ਦੇਣ ਦਾ ਕੰਮ ਰੁਕ ਗਿਆ ਹੈ। ਇਸ ਕਰ ਕੇ ਸਕੂਲ ਮਾਨਤਾ ਲੈਣ ਲਈ ਸਹੀ ਤਰੀਕੇ ਨਾਲ ਜਾਣਕਾਰੀ ਅਪਲੋਡ ਕਰਨ। ਮੁਹਾਲੀ ਸੀਬੀਐੱਸਈ ਦੇ ਅਧਿਕਾਰੀ ਅਨੁਸਾਰ ਪਹਿਲੇ ਪੜਾਅ ’ਤੇ ਸਕੂਲਾਂ ਵੱਲੋਂ ਜਾਣਕਾਰੀ ਦੇਣ ਤੋਂ ਬਾਅਦ ਇਨ੍ਹਾਂ ਸਕੂਲਾਂ ਦੀ ਵਰਚੁਅਲ ਜਾਂਚ ਕੀਤੀ ਜਾਵੇਗੀ, ਜਿਸ ਲਈ ਅਗਲੇ ਹਫ਼ਤੇ ਕਮੇਟੀਆਂ ਬਣਨਗੀਆਂ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ, ਹਰਿਆਣਾ, ਪੰਜਾਬ ਦੇ ਕਈ ਸਕੂਲਾਂ ਨੇ ਸੀਬੀਐੱਸਈ ਤੋਂ ਮਾਨਤਾ ਲੈਣ ਲਈ ਦਰਖਾਸਤ ਦਿੱਤੀ ਹੈ ਪਰ ਉਨ੍ਹਾਂ ਨੂੰ ਇਹ ਕਹਿ ਕੇ ਮਾਨਤਾ ਦੇਣ ਤੋਂ ਰੋਕ ਦਿੱਤਾ ਗਿਆ ਹੈ ਕਿ ਉਹ ਦੱਸੀਆਂ ਗਈਆਂ ਘਾਟਾਂ ਪੂਰੀਆਂ ਕਰਨ ਮਗਰੋਂ ਵਿਸਥਾਰਤ ਰਿਪੋਰਟ ਸੀਬੀਐੱਸਈ ਨੂੰ ਆਨਲਾਈਨ ਭੇਜਣ। ਚੰਡੀਗੜ੍ਹ ਦੇ ਸੈਕਟਰ-38 ਦੇ ਸਕੂਲ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਦੋ ਸਾਲ ਪਹਿਲਾਂ ਮਾਨਤਾ ਲਈ ਅਪਲਾਈ ਕੀਤਾ ਸੀ, ਪਰ ਸੀਬੀਐੱਸਈ ਵੱਲੋਂ ਇਤਰਾਜ਼ ਲਾ ਦਿੱਤੇ ਜਾਂਦੇ ਹਨ। ਉਨ੍ਹਾਂ ਸਾਰੇ ਇਤਰਾਜ਼ ਦੂਰ ਕਰ ਦਿੱਤੇ ਹਨ, ਪਰ ਹਾਲੇ ਤਕ ਉਨ੍ਹਾਂ ਦੀ ਮਾਨਤਾ ਨਵਿਆਈ ਨਹੀਂ ਗਈ। ਇਸ ਕਾਰਨ ਪ੍ਰੀਖਿਆਵਾਂ ਦੇ ਦਿਨਾਂ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਹਿਲੀ ਮਾਰਚ ਤੋਂ 31 ਮਈ ਤੱਕ ਦਿੱਤੀ ਜਾ ਸਕਦੀ ਹੈ ਦਰਖਾਸਤ
ਸੀਬੀਐੱਸਈ ਅਨੁਸਾਰ ਮਿਡਲ ਸਕੂਲ ਦੇ ਸਿਲੇਬਸ ਦੀ ਮਨਜ਼ੂਰੀ, ਸੈਕੰਡਰੀ ਪੱਧਰ ਤਕ ਦੇ ਸਕੂਲਾਂ ਦੀ ਨਵੀਂ ਮਾਨਤਾ ਤੇ ਦੂਜੇ ਬੋਰਡ ਤੋਂ ਸੀਬੀਐੱਸਈ ਬੋਰਡ ਨਾਲ ਸਬੰਧਤ ਹੋਣ ਵਾਲੇ ਸਕੂਲਾਂ ਦੀ ਅਪਲਾਈ ਕਰਨ ਦੀ ਮਿਆਦ ਨਵਿਆਈ ਗਈ ਹੈ। ਇਹ ਸਕੂਲ ਪਹਿਲੀ ਮਾਰਚ ਤੋਂ 31 ਮਈ ਤਕ ਦਰਖਾਸਤ ਦੇ ਸਕਦੇ ਹਨ। ਇਸ ਮਿਆਦ ਦੌਰਾਨ ਇਸ ਸੈਸ਼ਨ ਤੇ ਅਗਲੇ ਸੈਸ਼ਨ ਵਾਲੇ ਵੀ ਦਰਖਾਸਤ ਦੇ ਸਕਦੇ ਹਨ ਜਦਕਿ ਅਪਗਰੇਡੇਸ਼ਨ, ਦੋ ਸ਼ਿਫਟਾਂ ਵਿਚ ਸਕੂਲ ਚਲਾਉਣ ਵਾਲਿਆਂ ਲਈ ਮਾਨਤਾ ਦੀ ਵਿੰਡੋ ਹੁਣ ਪਹਿਲੀ ਅਗਸਤ ਤੋਂ 30 ਨਵੰਬਰ ਤਕ ਖੁੱਲੇਗੀ।