ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਅਸਲੀ ਮਾਰਕ ਸ਼ੀਟਾਂ ਸਤੰਬਰ ਦੇ ਅਖੀਰ ਵਿੱਚ ਭੇਜੀਆਂ ਜਾਣਗੀਆਂ। ਸੀਬੀਐੱਸਈ ਮਾਰਕ ਸ਼ੀਟਾਂ ਡਿਜੀਲਾਕਰ ਰਾਹੀਂ ਮੁਹੱਈਆ ਕਰਵਾ ਰਿਹਾ ਹੈ। ਇਸ ਰਾਹੀਂ ਵਿਦਿਆਰਥੀ ਨੂੰ ਆਪਣਾ ਰੋਲ ਨੰਬਰ ਤੇ ਹੋਰ ਜਾਣਕਾਰੀ ਸੀਬੀਐੱਸਈ ਦੀ ਵੈਬਸਾਈਟ ’ਤੇ ਅਪਲੋਡ ਕਰਨੀ ਹੋਵੇਗੀ ਜਿਸ ਤੋਂ ਬਾਅਦ ਵਿਦਿਆਰਥੀ ਦੇ ਮੋਬਾਈਲ ਨੰਬਰ ’ਤੇ ਸੰਦੇਸ਼ ਭੇਜਿਆ ਜਾਵੇਗਾ ਤੇ ਇਸ ਸੰਦੇਸ਼ ਰਾਹੀਂ ਵਿਦਿਆਰਥੀ ਨੂੰ ਆਪਣੀ ਮਾਰਕ ਸ਼ੀਟ ਦਾ ਪ੍ਰਿੰਟ ਮਿਲੇਗਾ। ਕਈ ਸੰਸਥਾਵਾਂ ਇਨ੍ਹਾਂ ਮਾਰਕ ਸ਼ੀਟ ਦੇ ਪ੍ਰਿ੍ੰਟਆਊਟ ’ਤੇ ਇਤਰਾਜ਼ ਕਰ ਰਹੀਆਂ ਹਨ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਡਿਜੀਲਾਕਰ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਮਾਰਕ ਸ਼ੀਟਾਂ ਰਾਹੀਂ ਦੇਸ਼ ਭਰ ਵਿੱਚ ਕਿਤੇ ਵੀ ਦਾਖ਼ਲਾ ਲਿਆ ਜਾ ਸਕਦਾ ਹੈ। ਦੂਜੇ ਪਾਸੇ 10ਵੀਂ ਤੇ 12ਵੀਂ ਦੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੇ ਬੋਰਡ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਪ੍ਰੀਖਿਆਵਾਂ ਨਾ ਲਈਆਂ ਜਾਣ ਤੇ ਇਹ ਮਾਮਲਾ ਸਰਵਉੱਚ ਅਦਾਲਤ ਵਿੱਚ ਵਿਚਾਰ ਅਧੀਨ ਵੀ ਹੈ। ਸੀਬੀਐੱਸਈ ਬੋਰਡ ਦੇ ਪੰਚਕੂਲਾ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੋਰਡ ਵੱਲੋਂ ਹੁਣ 10 ਅਗਸਤ ਦੇ ਨੇੜੇ ਵਿਦਿਆਰਥੀਆਂ ਤੋਂ ਰੀ-ਅਪੀਅਰ ਪ੍ਰੀਖਿਆਵਾਂ ਲੈਣ ਜਾਂ ਨਾ ਲੈਣ ਬਾਰੇ ਰਾਏ ਲਈ ਜਾਵੇਗੀ ਕਿਉਂਕਿ ਹਾਲੇ ਰੀਵੈਲਿਊਏਸ਼ਨ ਤੇ ਰੀਚੈਕਿੰਗ ਦਾ ਅਮਲ ਚੱਲ ਰਿਹਾ ਹੈ। ਇਸ ਲਈ ਹਾਲੇ ਵਿਦਿਆਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚੰਡੀਗੜ੍ਹ ਦੇ ਕਈ ਵਿਦਿਆਰਥੀਆਂ ਨੇ ਮੰੰਗ ਕੀਤੀ ਹੈ ਕਿ ਜੇ ਬੋਰਡ ਪ੍ਰੀਖਿਆਵਾਂ ਲੈਂਦਾ ਹੈ ਤਾਂ ਇਹ ਅਮਲ ਸਤੰਬਰ ਤੋਂ ਬਾਅਦ ਸ਼ੁਰੂ ਹੋਵੇਗਾ ਜਦਕਿ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ ਅਗਸਤ ਵਿਚ ਵੀ ਸਮਾਪਤ ਹੋ ਰਹੀ ਹੈ ਤੇ ਕਈ ਸਕੂਲ 11ਵੀਂ ਵਿੱਚ ਉਨ੍ਹਾਂ ਨੂੰ ਦਾਖ਼ਲਾ ਨਹੀਂ ਦੇਣਗੇ ਜਿਸ ਕਰ ਕੇ ਉਨ੍ਹਾਂ ਦਾ ਸਾਲ ਖਰਾਬ ਹੋ ਜਾਵੇਗਾ।
ਮਾਰਕ ਸ਼ੀਟਾਂ ਵਿਚ ਗਲਤੀਆਂ ਕਾਰਨ ਵਿਦਿਆਰਥੀ ਪ੍ਰੇਸ਼ਾਨ
ਮੁਹਾਲੀ ਦੇ ਵਿਦਿਆਰਥੀ ਰਜਤ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਜਾਰੀ ਕੀਤੀ ਮਾਰਕ ਸ਼ੀਟ ਵਿੱਚ ਪਿਤਾ ਦਾ ਨਾਂ ਗਲਤ ਲਿਖ ਦਿੱਤਾ ਗਿਆ ਹੈ। ਉਸ ਨੇ ਚੰਡੀਗੜ੍ਹ ਦੇ ਐੱਸਡੀ ਕਾਲਜ ਵਿੱਚ ਅਪਲਾਈ ਤਾਂ ਕਰ ਦਿੱਤਾ ਹੈ ਪਰ ਇਤਰਾਜ਼ ਲੱਗਣ ਕਾਰਨ ਸਮੱਸਿਆ ਹੋ ਸਕਦੀ ਹੈ। ਸੀਬੀਐੱਸਈ ਪੰਚਕੂਲਾ ਦਫ਼ਤਰ ਦੇ ਖੇਤਰੀ ਅਧਿਕਾਰੀ ਸ਼ਿਆਮ ਕਪੂਰ ਨੇ ਦੱਸਿਆ ਕਿ ਮਾਰਕ ਸ਼ੀਟ ਵਿੱਚ ਜੇ ਕਿਸੇ ਵਿਦਿਆਰਥੀ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਬੋਰਡ ਦੀ ਵੈਬਸਾਈਟ ’ਤੇ ਦਰਸਾਏ ਖਾਕੇ ਵਿਚ ਇਤਰਾਜ਼ ਦਰਜ ਕਰਵਾ ਸਕਦਾ ਹੈ।