ਸ਼ਗਨ ਕਟਾਰੀਆ
ਬਠਿੰਡਾ, 23 ਅਪਰੈਲ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਤਸਲੀਮ ਕੀਤਾ ਹੈ ਕਿ ਬਾਰਦਾਨੇ ਦੀ ਕਮੀ ਕਾਰਨ ਰਾਜ ’ਚ ਕਣਕ ਦੀ ਖ਼ਰੀਦ ਅਸਰਅੰਦਾਜ਼ ਹੋਈ ਹੈ। ਉਨ੍ਹਾਂ ਇਸ ਦਾ ਕਾਰਨ ਜੂਟ ਤੋਂ ਤਿਆਰ ਹੁੰਦੀਆਂ ਬੋਰੀਆਂ ਦੇ ਉਤਪਾਦਨ ’ਚ ਅੜਿੱਕਾ ਪੈਦਾ ਹੋਣਾ ਦੱਸਿਆ। ਉਨ੍ਹਾਂ ਕਰੋਨਾ ਦੀ ਦੂਜੀ ਲਹਿਰ ਨੂੰ ਵਧੇਰੇ ਖ਼ਤਰਨਾਕ ਕਰਾਰ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਕਰੋਨਾ ਦਾ ਮੁਕਾਬਲਾ ਕਰਨ ਲਈ ਇੱਕ ਹਜ਼ਾਰ ਕਰੋੜ ਰੁਪਏ ਰਾਖਵੇਂ ਰੱਖਣ ਬਾਰੇ ਵੀ ਖੁਲਾਸਾ ਕੀਤਾ।
ਨਗਰ ਨਿਗਮ ਬਠਿੰਡਾ ਦੇ ਨਵੇਂ ਚੁਣੇ ਅਹੁਦੇਦਾਰਾਂ ਦੇ ਤਾਜਪੋਸ਼ੀ ਸਮਾਗਮ ’ਚ ਸ਼ਰੀਕ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜੂਟ ਤੋਂ ਤਿਆਰ ਬਾਰਦਾਨਾ ਪੱਛਮੀ ਬੰਗਾਲ ਤੋਂ ਆਉਂਦਾ ਹੈ ਅਤੇ ਕਰੋਨਾ ਸੰਕਟ ਕਾਰਨ ਕਾਰਖ਼ਾਨਿਆਂ ’ਚ ਬਾਰਦਾਨੇ ਦੇ ਉਤਪਾਦਨ ’ਤੇ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਬਾਰਦਾਨੇ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਤੋਂ ਪਲਾਸਟਿਕ ਦੀਆਂ ਬੋਰੀਆਂ ’ਚ ਅਨਾਜ ਸਟਾਕ ਕਰਨ ਦੀ ਆਗਿਆ ਲੈ ਲਈ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੁਰਾਣੇ ਬਾਰਦਾਨੇ ’ਚ ਕਣਕ ਭਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ। ਇਸ ਮਾਮਲੇ ’ਚ ਉਨ੍ਹਾਂ ਹੈਰਾਨੀਜਨਕ ਇੰਕਸ਼ਾਫ ਕੀਤਾ ਕਿ ਜੂਟ ਦੀ ਬੋਰੀ ਦੇ ਮੁਕਾਬਲੇ ਪਹਿਲਾਂ ਪਲਾਸਟਿਕ ਦੀ ਬੋਰੀ ਕਾਫ਼ੀ ਸਸਤੀ ਸੀ ਪਰ ਹੁਣ ਜੂਟ ਦੀ ਬੋਰੀ ਦੀ ਘਾਟ ਕਾਰਨ ਪਲਾਸਟਿਕ ਦੀ ਬੋਰੀ ਦਾ ਰੇਟ 20 ਤੋਂ 27 ਫਿਰ 28.50 ਰੁਪਏ ਪਿੱਛੋਂ ਹੁਣ ਹੋਰ ਵਧ ਗਿਆ ਹੈ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਕਣਕ ਉਤਪਾਦਨ ਦਾ 60 ਫ਼ੀਸਦੀ ਸਰਕਾਰ ਖ਼ਰੀਦ ਚੁੱਕੀ ਹੈ ਅਤੇ ਹਫ਼ਤੇ ’ਚ ਬਾਰਦਾਨਾ ਆਉਣ ’ਤੇ ਸਮੁੱਚੀ ਖ਼ਰੀਦ ਦਾ ਕੰਮ ਮੁਕੰਮਲ ਹੋ ਜਾਵੇਗਾ।
ਸ੍ਰੀ ਬਾਦਲ ਨੇ ਕਰੋਨਾ ਦੀ ਦੂਜੀ ਲਹਿਰ ਨੂੰ ਦੇਸ਼ ਦੇ ਸਮੁੱਚੇ ਮਸਲਿਆਂ ਤੋਂ ਭਾਰੂ ਕਰਾਰ ਦਿੰਦਿਆਂ ਲੋਕਾਂ ਵੱਲੋਂ ਪਾਬੰਦੀਆਂ ਦੀ ਪਾਲਣਾ ਨਾ ਕਰਨ ’ਤੇ ਗਿਲਾ ਕੀਤਾ। ਉਨ੍ਹਾਂ ਆਖਿਆ ਕਿ ਕਰੋਨਾ ਟੀਕਾਕਰਨ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਨੂੰ ਦਸੰਬਰ 2021 ਤੱਕ ਮੁਕੰਮਲ ਕਰਨ ਦਾ ਟੀਚਾ ਹੈ, ਜਿਸ ਲਈ ਵੈਕਸੀਨ ਖ਼ਰੀਦਣ ਵਾਸਤੇ ਪੰਜਾਬ ਸਰਕਾਰ 1,000 ਕਰੋੜ ਰੁਪਏ ਖ਼ਰਚੇਗੀ।
ਵਿੱਤ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਅੰਦਰ ਕਿਸੇ ਵੀ ਸਿਹਤ ਕੇਂਦਰ ਵਿੱਚ ਕਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਕਮੀ ਨਾ ਆਉਣ ਦੇਣਾ ਯਕੀਨੀ ਬਣਾਉਣ ਦੀ ਹਦਾਇਤ ਤੋਂ ਇਲਾਵਾ ਨਗਰ ਨਿਗਮ ਦੇ ਨਵੇਂ ਕੌਂਸਲਰਾਂ ਤੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਵੀ ਕੀਤੀ।