ਜਸਬੀਰ ਸਿੰਘ ਚਾਨਾ
ਫਗਵਾੜਾ, 16 ਫਰਵਰੀ
ਪੰਜਾਬ ਦੇ ਨਵ-ਨਿਰਮਾਣ ਲਈ ਭਾਜਪਾ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਪੰਜਾਬ ’ਚ ਭਾਜਪਾ ਦੀ ਸਰਕਾਰ ਸਥਾਪਤ ਹੋ ਸਕੇ। ਇਹ ਪ੍ਰਗਟਾਵਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਹਦੀਆਬਾਦ ਵਿੱਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਰੀਬਾਂ ਦੇ ਹੱਕ ਲਈ ਜੋ ਮੋਦੀ ਸਰਕਾਰ ਨੇ ਕੀਤਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਰੀਬ 8 ਕਰੋੜ ਔਰਤਾਂ ਨੂੰ ਮੁਫ਼ਤ ਸਿਲੰਡਰ ਦੇ ਕੇ ਉਨ੍ਹਾਂ ਦੇ ਚੁੱਲ੍ਹਿਆ ’ਚ ਅੱਗ ਬਾਲੀ ਹੈ, ਜਿਨ੍ਹਾਂ ਵਿੱਚ ਪੰਜਾਬ ਦੇ 12 ਲੱਖ ਘਰ ਸ਼ਾਮਲ ਹਨ। ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਇਆ ਤੇ ਸੁਲਤਾਨਪੁਰ ਲੋਧੀ ਦੇ ਸਰਬਪੱਖੀ ਵਿਕਾਸ ਲਈ ਭਰਵਾਂ ਯੋਗਦਾਨ ਪਾਇਆ। ਸ੍ਰੀਮਤੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਤੇ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਦੇਸ਼ ਭਰ ’ਚ ਮਨਾਇਆ। ਇਸ ਦੇ ਨਾਲ ਹੀ ਸਾਹਿਬਜ਼ਾਦਿਆਂ ਦੀ ਯਾਦ ’ਚ ਵੀਰ ਬਾਲ ਦਿਵਸ ਮਨਾਉਣ ਦਾ ਫ਼ੈਸਲਾ ਵੀ ਮੋਦੀ ਸਰਕਾਰ ਨੇ ਲਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 84 ਦੇ ਦੰਗਿਆਂ ਦੇ ਮੁਲਜ਼ਮਾਂ ਨੂੰ ਜੇਲ੍ਹਾਂ ’ਚ ਡੱਕਿਆ ਤੇ 3300 ਪੀੜਤ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜ਼ਾ ਦਿੱਤਾ। ਇਸੇ ਤਰ੍ਹਾਂ ਲੰਗਰ ਤੋਂ ਟੈਕਸ ਹਟਾਉਣ ਦਾ ਕੰਮ ਵੀ ਭਾਜਪਾ ਨੇ ਕੀਤਾ ਹੈ। ਸ੍ਰੀਮਤੀ ਇਰਾਨੀ ਨੇ ਸਾਂਪਲਾ ਵੱਲੋਂ ਸ਼ਹਿਰ ਦੇ ਕੀਤੇ ਵਿਕਾਸ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਪਾਠਸ਼ਾਲਾ ਤੇ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਵੀ ਟੇਕਿਆ।
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਪਹੁੰਚੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗੱਠਜੋੜ ਦੇ ਬਠਿੰਡਾ ਸ਼ਹਿਰੀ ਸੀਟ ਤੋਂ ਉਮੀਦਵਾਰ ਰਾਜ ਨੰਬਰਦਾਰ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਜੋਜੋ’ ਟੈਕਸ ਤੋਂ ਮੁਕਤੀ ਲੈਣੀ ਹੈ ਤਾਂ ਭਾਜਪਾ ਨੂੰ ਜਿਤਾਉਣਾ ਜ਼ਰੂਰੀ ਹੈ। ਉਨ੍ਹਾਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਔਰਤਾਂ ਦੀ ਹਿਫਾਜ਼ਤ, ਨੌਜਵਾਨਾਂ ਦਾ ਵਿਕਾਸ ਅਤੇ ਦੇਸ਼ ਤੇ ਪੰਜਾਬ ਦੀ ਸ਼ਾਨ ਚਾਹੀਦੀ ਹੈ ਤਾਂ ਬਠਿੰਡਾ ਤੋਂ ਭਾਜਪਾ ਦੇ ਰਾਜ ਜੀ ਨੂੰ ਜਿਤਾਉਣਾ ਜ਼ਰੂਰੀ ਹੈ।