ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਪਰੈਲ
ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੀ ਮੁੱਖ ਸਕੱਤਰ ਨੂੰ ‘ਬੰਧੂਆ ਮਜ਼ਦੂਰਾਂ’ ਬਾਰੇ ਲਿਖੀ ਚਿੱਠੀ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਡਰੀ ਕੇਂਦਰ ਸਰਕਾਰ ਨੂੰ ਕੋਈ ਹੋਰ ਰਾਹ ਨਹੀਂ ਲੱਭਿਆ ਤਾਂ ਹੁਣ ਸਿੱਖਾਂ ਨੂੰ ਇਸ ਤਰੀਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਯੂਪੀ ਤੇ ਬਿਹਾਰ ਵਿੱਚ ਜਨ ਪ੍ਰਤਿਨਿਧੀ ਦੇ ਤੌਰ ’ਤੇ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਅੱਜ ਤਕ ਕਿਸੇ ਵੀ ਮਜ਼ਦੂਰ ਦੇ ਪਰਿਵਾਰ ਨੇ ਅਜਿਹੀ ਸ਼ਿਕਾਇਤ ਨਹੀਂ ਕੀਤੀ। ਮੋਦੀ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਅਜਿਹੀਆਂ ਸੂਚਨਾਵਾਂ ਪਤਾ ਨਹੀਂ ਕੌਣ ਦੇ ਰਿਹਾ ਹੈ।
ਰਾਮੂਵਾਲੀਆ ਨੇ ਕਿਹਾ ਕਿ ਯੂਪੀ ਤੇ ਬਿਹਾਰ ਤੋਂ ਵੱਡੀ ਗਿਣਤੀ ਮਜ਼ਦੂਰ ਪੰਜਾਬ ਵਿੱਚ ਆ ਕੇ ਕੰਮ ਕਰਦੇ ਹਨ। ਉਹ ਪਿਛਲੇ ਪੰਜ ਸਾਲਾਂ ਤੋਂ ਯੂਪੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹ ਪੰਜਾਬ ਨਾਲ ਸਬੰਧਤ ਹਨ ਇਸ ਕਰਕੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੇ ਪਰਿਵਾਰ ਉਨ੍ਹਾਂ ਨੂੰ ਮਿਲਣ ਆਉਂਦੇ ਹਨ। ਇਸੇ ਤਰ੍ਹਾਂ ਉਹ ਬਿਹਾਰ ਦੇ ਕਿਸ਼ਨਗੰਜ ਸਥਿਤ ਮਾਤਾ ਗੁਜਰੀ ਮੈਡੀਕਲ ਯੂਨੀਵਰਸਿਟੀ ਵਿਚ ਚਾਂਸਲਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ, ਜਿੱਥੇ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਦੇ ਬੱਚੇ ਪੜ੍ਹਦੇ ਹਨ। ਦੋਵਾਂ ਹੀ ਰਾਜਾਂ ਦੇ ਲੋਕਾਂ ਨਾਲ ਉਨ੍ਹਾਂ ਦਾ ਸਿੱਧਾ ਸੰਵਾਦ ਹੁੰਦਾ ਹੈ ਪਰ ਅੱਜ ਤਕ ਕਿਸੇ ਵੀ ਮਜ਼ਦੂਰ ਭਾਈਚਾਰੇ ਦੇ ਪਰਿਵਾਰ ਨੇ ਇਹ ਸ਼ਿਕਾਇਤ ਨਹੀਂ ਕੀਤੀ ਕਿ ਪੰਜਾਬ ਵਿਚ ਉਨ੍ਹਾਂ ਦੇ ਭਰਾਵਾਂ ਨਾਲ ਕੋਈ ਮਾੜਾ ਸਲੂਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਹੁਣ ਪੂਰੇ ਦੇਸ਼ ਸਣੇ ਵਿਸ਼ਵ ਵਿੱਚ ਸਿੱਖਾਂ ਦੀ ਚੜ੍ਹਾਈ ਹੋਈ ਹੈ। ਸਿੱਖ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਅੱੱਗੇ ਵਧਣ ਦੀ ਪਹਿਲ ਕੀਤੀ ਹੈ, ਜਿਸ ਕਾਰਨ ਪ੍ਰੇਸ਼ਾਨ ਹੋਈ ਮੋਦੀ ਸਰਕਾਰ ਸਿੱਖ ਕਿਸਾਨਾਂ ਖ਼ਿਲਾਫ਼ ਅਜਿਹਾ ਕੂੜ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸ਼ਾ ਹੀ ਮਜ਼ਦੂਰ ਭਾਈਚਾਰੇ ਨਾਲ ਖੜ੍ਹਾ ਹੈ, ਚਾਹੇ ਉਹ ਕਰੋਨਾ ਦਾ ਦੌਰ ਹੋਵੇ ਜਾਂ ਫਿਰ ਕੋਈ ਹੋਰ ਮੁਸ਼ਕਲ ਦੀ ਘੜੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਗ੍ਰਹਿ ਮੰਤਰਾਲੇ ਨੂੰ ਚਿੱਠੀ ਰਾਹੀਂ ਪੁੱਛਣਗੇ ਕਿ ਇਹ ਤੱਥ ਉਨ੍ਹਾਂ ਨੂੰ ਕਿੱਥੋਂ ਮਿਲੇ ਹਨ।