ਰਵੇਲ ਸਿੰਘ ਭਿੰਡਰ
ਪਟਿਆਲਾ, 14 ਮਈ
ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾ. ਅੰਬੇਡਕਰ ਕਰਮਚਾਰੀ ਮਹਾਸੰਘ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਨੌਦੀਪ ਨੇ ਕਿਹਾ ਕਿ ਕਿਸਾਨ ਅੰਦੋਲਨ ਇਸ ਵੇਲੇ ਸਿਖਰਾਂ ’ਤੇ ਹੈ। ਕੇਂਦਰ ਸਰਕਾਰ ਨੂੰ ਲੋਕਾਂ ਦੇ ਰੋਹ ਅੱਗੇ ਅਖੀਰ ਝੁਕਣਾ ਹੀ ਪਵੇਗਾ।
ਇਸ ਦੌਰਾਨ ਨੌਦੀਪ ਨੇ ਕਿਹਾ ਕਿ ਹੁਣ ਮਜ਼ਦੂਰਾਂ ਨੂੰ ਵੀ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤਾਂ ਹੀ ਉਨ੍ਹਾਂ ਦੀ ਮੁਕਤੀ ਦਾ ਕੋਈ ਰਾਹ ਖੁੱਲ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਸਮਾਜ ਵਿੱਚ ਅਮੀਰ ਤੇ ਗਰੀਬ ਦਾ ਬਹੁਤ ਵੱਡਾ ਪਾੜਾ ਹੈ। ਜਦੋਂ ਤੱਕ ਇਹ ਪਾੜਾ ਖ਼ਤਮ ਨਹੀਂ ਹੁੰਦਾ ਉਦੋਂ ਤੱਕ ਵਿਤਕਰੇਬਾਜ਼ੀ ਵੀ ਖ਼ਤਮ ਨਹੀਂ ਹੋਵੇਗੀ। ਇਸ ਮੌਕੇ ਕਿਸਾਨ ਅੰਦੋਲਨ ਵਿੱਚ ਨਿਭਾਈ ਗਈ ਭੂਮਿਕਾ ਲਈ ਨੌਦੀਪ ਕੌਰ ਦਾ ਸਨਮਾਨ ਕੀਤਾ ਗਿਆ।
ਫੈਡਰੇਸ਼ਨ ਆਗੂ ਡਾ. ਮੱਟੂ ਨੇ ਕਿਹਾ ਕਿ ਕੇਂਦਰ ਦੀ ਤਾਨਾਸ਼ਾਹ ਸਰਕਾਰ ਨੇ ਸਾਰੇ ਵਰਗਾਂ ਦੇ ਹੱਕ ਰੋਲ ਦਿੱਤੇ ਹਨ, ਜਿਸ ਲਈ ਸਾਰੇ ਵਰਗਾਂ ਨੂੰ ਹੁਣ ਇੱਕਜੁਟ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੇ ਹੱਕਾਂ ਲਈ ਕਿਸੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਦਲਿਤਾਂ ਨਾਲ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਦਲਿਤਾਂ ਨੂੰ ਰਾਜਸੀ ਪਾਰਟੀਆਂ ਦੇ ਸਬਜ਼ਬਾਗਾਂ ਤੋਂ ਚੌਕਸ ਰਹਿਣਾ ਪਵੇਗਾ ਅਤੇ ਆਪਣੇ ਹੱਕ ਲੈਣ ਲਈ ਲਾਮਬੰਦ ਹੋਣਾ ਪਵੇਗਾ। ਇਸ ਮੌਕੇ ਕੁਲਪ੍ਰੀਤ ਸਿੰਘ ਪਟਿਆਲਾ, ਹਰਦੀਪ ਸਿੰਘ ਬਠਿੰਡਾ, ਨਰਿੰਦਰ ਸਿੰਘ,ਡਾ. ਗਿਆਨ ਸਿੰਘ, ਬਲਬੀਰ ਸਿੰਘ, ਰਿਸਰਚ ਸਕਾਲਰ ਬੇਅੰਤ ਸਿੰਘ ਅਤੇ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਹਾਜ਼ਰ ਸਨ।