ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਪਰੈਲ
ਮੁੱਖ ਅੰਸ਼
- ਪੰਜਾਬ ਵਿੱਚ ਡੀਏਪੀ ਦੀ ਸਾਲਾਨਾ ਖ਼ਪਤ 7.50 ਲੱਖ ਮੀਟਰਿਕ ਟਨ
ਕੇਂਦਰ ਸਰਕਾਰ ਨੇ ਅੱਜ ਡੀਏਪੀ ਖਾਦ ’ਤੇ ਸਬਸਿਡੀ ਵਧਾ ਦਿੱਤੀ ਹੈ| ਸਬਸਿਡੀ ਵਿਚ ਵਾਧੇ ਮਗਰੋਂ ਕਿਸਾਨਾਂ ’ਤੇ ਵੱਡਾ ਬੋਝ ਪੈਣ ਤੋਂ ਬਚਾਅ ਹੋ ਗਿਆ ਹੈ| ਕੇਂਦਰੀ ਖਾਦ ਪਾਲਿਸੀ ਇੱਕ-ਦੋ ਦਿਨਾਂ ’ਚ ਜਾਰੀ ਕਰ ਦਿੱਤੀ ਜਾਵੇਗੀ| ਇਸ ਕਦਮ ਨਾਲ ਡੀਏਪੀ ਖਾਦ ਦੇ ਭਾਅ ’ਚ ਫਿਲਹਾਲ ਵਾਧਾ ਨਾ ਹੋਣ ਬਾਰੇ ਕੁਝ ਸਪੱਸ਼ਟ ਨਹੀਂ ਹੈ| ਉਂਜ, ਪਹਿਲੀ ਅਪਰੈਲ ਨੂੰ ਸਰਕਾਰ ਨੇ ਖਾਦ ਦੀ ਪ੍ਰਤੀ ਬੈਗ ਕੀਮਤ 1200 ਰੁਪਏ ਤੋਂ 1350 ਰੁਪਏ ਕਰ ਦਿੱਤੀ ਸੀ| ਕਿਸਾਨਾਂ ’ਚ ਤੌਖਲੇ ਸਨ ਕਿ ਜੇ ਕੇਂਦਰ ਨੇ ਸਬਸਿਡੀ ਨਾ ਵਧਾਈ ਤਾਂ ਖਾਦ ਦੀ ਕੀਮਤ ’ਚ ਵੱਡਾ ਇਜ਼ਾਫ਼ਾ ਹੋ ਸਕਦਾ ਹੈ| ਪੰਜਾਬ ਵਿਚ ਸਾਲਾਨਾ 7.50 ਲੱਖ ਮੀਟਰਿਕ ਟਨ ਡੀਏਪੀ ਵਰਤੀ ਜਾਂਦੀ ਹੈ| ਕੇਂਦਰੀ ਖਾਦ ਮੰਤਰਾਲੇ ਨੇ ਅੱਜ ਟਵੀਟ ਕਰਕੇ ਸੂਚਨਾ ਸਾਂਝੀ ਕੀਤੀ ਕਿ ਡੀਏਪੀ ਖਾਦ ’ਤੇ 2022-23 ਦੇ ਪਹਿਲੇ ਛੇ ਮਹੀਨਿਆਂ (1 ਅਪਰੈਲ ਤੋਂ 30 ਸਤੰਬਰ ਤੱਕ) ਦੌਰਾਨ 2501 ਰੁਪਏ ਪ੍ਰਤੀ ਬੈਗ ਸਬਸਿਡੀ ਦਿੱਤੀ ਜਾਵੇਗੀ ਜੋ ਕਿ ਵਰ੍ਹਾ 2021-22 ਦੌਰਾਨ 1650 ਰੁਪਏ ਸੀ। ਇਸ ਤਰ੍ਹਾਂ ਕੇਂਦਰ ਨੇ ਪ੍ਰਤੀ ਬੈਗ ਸਬਸਿਡੀ ਵਿਚ 851 ਰੁਪਏ ਦਾ ਵਾਧਾ ਕਰ ਦਿੱਤਾ ਹੈ| ਸਾਲ 2020-21 ਵਿਚ ਇਹ ਸਬਸਿਡੀ ਪ੍ਰਤੀ ਬੈਗ 512 ਰੁਪਏ ਸੀ। ਜ਼ਿਕਰਯੋਗ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਖਾਦ ਦੀ ਕੀਮਤ ਕਾਫ਼ੀ ਵਧੀ ਹੋਈ ਹੈ| ਜ਼ਿਕਰਯੋਗ ਹੈ ਕਿ ਕੇਂਦਰੀ ਬਜਟ ਵਿਚ ਖਾਦ ਸਬਸਿਡੀ ’ਤੇ 35 ਹਜ਼ਾਰ ਕਰੋੜ ਰੁਪਏ ਦਾ ਕੱਟ ਲਾਇਆ ਗਿਆ ਹੈ| ਹੁਣ ਜੇਕਰ ਕੇਂਦਰ ਸਰਕਾਰ ਸਬਸਿਡੀ ਵਿਚ ਵਾਧਾ ਨਾ ਕਰਦੀ ਤਾਂ ਸਾਰਾ ਬੋਝ ਕਿਸਾਨਾਂ ’ਤੇ ਪੈਣ ਦੀ ਸੰਭਾਵਨਾ ਸੀ| ਦੂਜੇ ਪਾਸੇ ਖਾਦ ਕੰਪਨੀਆਂ ਸਬਸਿਡੀ ਵਿਚ ਇਸ ਵਾਧੇ ਤੋਂ ਖ਼ੁਸ਼ ਨਹੀਂ ਹਨ ਕਿਉਂਕਿ ਕੌਮਾਂਤਰੀ ਮਾਰਕੀਟ ’ਚ ਭਾਅ ਉੱਚੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਪ੍ਰਤੀ ਟਨ ਖਾਦ ਸਬਸਿਡੀ 33 ਹਜ਼ਾਰ ਤੋਂ ਵਧਾ ਕੇ 50020 ਰੁਪਏ ਕਰ ਦਿੱਤੀ ਹੈ| ਕਿਸਾਨਾਂ ਨੂੰ ਵਰਤਮਾਨ ’ਚ ਡੀਏਪੀ ਖਾਦ ਪ੍ਰਤੀ ਬੈਗ 1350 ਰੁਪਏ ਮਿਲ ਰਿਹਾ ਹੈ| ਪੰਜਾਬ ਨੂੰ ਝੋਨੇ ਦੇ ਸੀਜ਼ਨ ਲਈ 2.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ ਪਰ ਰਾਜ ਕੋਲ ਸਿਰਫ਼ 50 ਹਜ਼ਾਰ ਮੀਟਰਿਕ ਟਨ ਖਾਦ ਹੀ ਮੌਜੂਦ ਹੈ| ਸਹਿਕਾਰੀ ਸਭਾਵਾਂ ਵਿਚ ਵੀ ਡੀਏਪੀ ਖਾਦ ਦੀ ਸਪਲਾਈ ਨਹੀਂ ਪੁੱਜੀ ਹੈ| ਕੇਂਦਰੀ ਸਬਸਿਡੀ ਵਿਚ ਵਾਧੇ ਮਗਰੋਂ ਖਾਦ ਦੀ ਸਪਲਾਈ ਵਿਚ ਸੁਧਾਰ ਹੋਣ ਦੀ ਸੰਭਾਵਨਾ ਬਣ ਗਈ ਹੈ| ਦੱਸਣਯੋਗ ਹੈ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਣਕ ਦੇ ਘਟੇ ਝਾੜ ਤੋਂ ਪ੍ਰੇਸ਼ਾਨ ਹੈ। ਹੁਣ ਕੇਂਦਰ ਵੱਲੋਂ ਸਬਸਿਡੀ ਵਿਚ ਵਾਧੇ ਨਾਲ ਫ਼ੌਰੀ ਪੈਣ ਵਾਲੇ ਨਵੇਂ ਬੋਝ ਤੋਂ ਕਿਸਾਨਾਂ ਨੂੰ ਰਾਹਤ ਮਿਲ ਗਈ ਹੈ| ਰੂਸ-ਯੂਕਰੇਨ ਜੰਗ ਕਰਕੇ ਵੀ ਖਾਦ ਦੇ ਭਾਅ ਵੱਧ ਰਹੇ ਸਨ| ਹਾੜ੍ਹੀ ਦੇ ਸੀਜ਼ਨ ਵਿਚ ਡੀਏਪੀ ਦਾ ਭਾਅ ਕੌਮਾਂਤਰੀ ਬਾਜ਼ਾਰ ਵਿਚ 670 ਡਾਲਰ ਪ੍ਰਤੀ ਮੀਟਰਿਕ ਟਨ ਸੀ ਜੋ ਕਿ ਹੁਣ 1050 ਡਾਲਰ ਪ੍ਰਤੀ ਮੀਟਰਿਕ ਟਨ ਹੋ ਗਿਆ ਹੈ| ਸੂਬੇ ਵਿਚ ਇਸ ਵਾਰ 31 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਅਤੇ ਚਾਰ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋਣ ਦਾ ਅੰਦਾਜ਼ਾ ਹੈ।