ਚੰਡੀਗੜ੍ਹ, 27 ਅਪਰੈਲ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਡੀਏਪੀ ਖਾਦ ’ਤੇ ਸਬਸਿਡੀ ਵਧਾ ਦਿੱਤੀ ਹੈ| ਪਹਿਲੀ ਅਪਰੈਲ ਨੂੰ ਸਰਕਾਰ ਨੇ ਖਾਦ ਦੀ ਪ੍ਰਤੀ ਬੈਗ ਕੀਮਤ 1200 ਰੁਪਏ ਤੋਂ ਵਧਾ ਕੇ 1350 ਰੁਪਏ ਕਰ ਦਿੱਤੀ ਸੀ| ਕੇਂਦਰੀ ਖਾਦ ਮੰਤਰਾਲੇ ਨੇ ਅੱਜ ਟਵੀਟ ਕੀਤਾ ਕਿ ਡੀਏਪੀ ਖਾਦ ’ਤੇ 2022-23 ਦੇ ਪਹਿਲੇ ਛੇ ਮਹੀਨਿਆਂ (1 ਅਪਰੈਲ ਤੋਂ 30 ਸਤੰਬਰ ਤੱਕ) ਦੌਰਾਨ 2501 ਰੁਪਏ ਪ੍ਰਤੀ ਬੈਗ ਸਬਸਿਡੀ ਦਿੱਤੀ ਜਾਵੇਗੀ ਜੋ ਕਿ ਸਾਲ 2021-22 ਦੌਰਾਨ 1650 ਰੁਪਏ ਸੀ। ਇਸ ਤਰ੍ਹਾਂ ਕੇਂਦਰ ਨੇ ਪ੍ਰਤੀ ਬੈਗ ਸਬਸਿਡੀ ਵਿਚ 851 ਰੁਪਏ ਦਾ ਵਾਧਾ ਕੀਤਾ ਹੈ। ਸਾਲ 2020-21 ਵਿਚ ਇਹ ਸਬਸਿਡੀ ਪ੍ਰਤੀ ਬੈਗ 512 ਰੁਪਏ ਸੀ। ਕਿਸਾਨਾਂ ਨੂੰ ਮੌਜੂਦਾ ਸਮੇਂ ’ਚ ਡੀਏਪੀ ਖਾਦ ਪ੍ਰਤੀ ਬੈਗ 1350 ਰੁਪਏ ਮਿਲ ਰਹੀ ਹੈ। ਪੰਜਾਬ ਵਿਚ ਸਾਲਾਨਾ 7.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ।