ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜੂਨ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ’ਤੇ ਹੋਏ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਭਾਈ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਵਿੱਚ ਸਵਿੰਦਰ ਸਿੰਘ ਨਮਿਤ ਕੀਤੀ ਗਈ ਅੰਤਿਮ ਅਰਦਾਸ ਵਿੱਚ ਵੀ ਸ਼ਮੂਲੀਅਤ ਕੀਤੀ। ਮ੍ਰਿਤਕ ਦੀ ਪਤਨੀ ਪਾਲ ਕੌਰ, ਬਰਤਾਨੀਆ ਤੋਂ ਪੁੱਜੇ ਉਨ੍ਹਾਂ ਦੇ ਪੁੱਤਰ ਅਜਮੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨਾਲ ਹੈ ਤੇ ਲੋੜ ਅਨੁਸਾਰ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਅਫ਼ਗਾਨ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਤੇ ਇਸ ਮਾਮਲੇ ਵਿੱਚ ਸਿੱਖ ਸੰਸਥਾ ਵੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਤੇ ਹੋਰ ਭਾਰਤੀਆਂ ਦੀ ਸੁਰੱਖਿਆ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਨਾ ਵਾਪਰੇ।
ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਮੂਹ ਅਫ਼ਗਾਨ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਤੇ ਉਨ੍ਹਾਂ ਲਈ ਰੁਜ਼ਗਾਰ ਵੀ ਮੁਹੱਈਆ ਕਰਵਾਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਵਿੰਦਰ ਸਿੰਘ ਦੇ ਬੇਟੇ ਅਜਮੀਤ ਸਿੰਘ ਨੂੰ ਸਿਰੋਪਾਓ ਤੇ ਦਸਤਾਰ ਭੇਟ ਕੀਤੀ। ਸ੍ਰੀ ਧਾਮੀ ਨੇ ਦਿੱਲੀ ਵਿੱਚ ਰਹਿੰਦੇ ਅਫ਼ਗਾਨੀ ਸਿੱਖ ਆਗੂਆਂ ਨਾਲ ਮੁਲਾਕਾਤ ਕਰਕੇ ਅਫ਼ਗਾਨਿਸਤਾਨ ’ਚ ਰਹਿੰਦੇ ਸਿੱਖਾਂ ਦੀ ਗਿਣਤੀ ਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਫ਼ਗਾਨਿਸਤਾਨ ਦੇ ਸਫੀਰ ਫਰੀਦ ਮਾਮੁੰਦਜਈ ਨੂੰ ਵੀ ਨੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।