ਜੋਗਿੰਦਰ ਸਿੰਘ ਮਾਨ
ਮਾਨਸਾ, 12 ਫਰਵਰੀ
ਹਰਿਆਣਾ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਦੀ ਬਿਨ੍ਹਾਂ ਸ਼ਰਤ ਰਿਹਾਈ ਲਈ ਭਾਜਪਾ ਸਰਕਾਰ ਦੀਆਂ ਅਰਥੀਆਂ ਫੂਕਣ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ’ਚ ਅਰਥੀਆਂ ਫੂਕਦਿਆਂ ਕੇਂਦਰ ਸਰਕਾਰ ਦੇ ਮਾੜੇ ਵਤੀਰੇ ਦੀ ਸਖਤ ਨਿਖੇਧੀ ਕੀਤੀ।
ਇਥੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਉਪਰ ਢਾਹੇ ਜਾ ਰਹੇ ਜੁਲਮ ਕਾਰਨ ਦੇਸ਼ ਭਰ ’ਚ ਮੋਦੀ ਹਕੂਮਤ ਵਿਰੁੱਧ ਦਿਨੋ ਦਿਨ ਰੋਹ ਪ੍ਰਚੰਡ ਹੋ ਰਿਹਾ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਿਲਾਇੰਸ ਪੰਪ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ’ਚ ਲਗਾਤਾਰ ਦਿਨ ਰਾਤ ਧਰਨਾ 135ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਦਿੱਲੀ ’ਚ ਲਗਾਤਾਰ ਧਰਨੇ ’ਤੇ ਬੈਠੀ ਸੰਯੁਕਤ ਮੋਰਚੇ ਵਲੋਂ ਦਿੱਤੇ ਤਾਲਮੇਲ ਪ੍ਰੋਗਰਾਮਾ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਨੰਗਲਾ, ਭਾਈ ਕੀ ਪਸ਼ੋਰ, ਲਹਿਲ ਖੁਰਦ, ਸੰਗਤਪੁਰਾ, ਖੋਖਰ, ਗੋਬਿੰਦਗੜ੍ਹ ਜੇਜੀਆ,ਸੰਗਤੀਵਾਲਾ,ਸੇਖੂਵਾਸ,ਘੋੜੇਨਾਵ,ਭੁਟਾਲ ਕਲਾ,ਚੰਗਾਲੀਵਾਲਾ,ਗਾਗਾ, ਗੋਬਿੰਦਪੁਰਾ ਜਵਾਹਵਾਲਾ, ਚੋਟੀਆਂ,ਬਖੋਰਾ ਕਲਾ,ਬਖੋਰਾ ਖੁਰਦ,ਪਾਪੜਾ,ਕਲਬਨਜਾਰਾ, ਖੰਡੇਬਾਦ, ਕੋਟੜਾ ਲਹਿਲ, ਦਰਜਨਾਂ ਪਿੰਡਾਂ ਵਿਚ ਕਿਸਾਨਾਂ ਮਜ਼ਦੂਰਾਂ ਨੇ ਵੱਡੇ ਇਕੱਠ ਕਰਕੇ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈਕੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ,ਰਾਮ ਸਿੰਘ ਢੀਂਡਸਾ, ਜਗਸੀਰ ਸਿੰਘ ਖੰਡੇਬਾਦ, ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਰਿੰਕੂ ਮੂਣਕ, ਜਗਦੀਪ ਸਿੰਘ ਲਹਿਲ ਖੁਰਦ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਹਰਸੇਵਕ ਸਿੰਘ ਲਹਿਲ ਖੁਰਦ, ਰਾਮਚੰਦ ਸਿੰਘ ਚੋਟੀਆਂ ਨੇ ਵਿਚਾਰ ਸਾਂਝੇ ਕੀਤੇ।
ਸਰਦੂਲਗੜ੍ਹ(ਬਲਜੀਤ ਸਿੰਘ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਸਰਦੂਲਗੜ੍ਹ ਬੱਸ ਅੱਡਾ ਚੌਕ ’ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਿਸਾਨਾਂ ਵੱਲੋਂ ਬਿਜਲੀ ਦਫਤਰ ਤੋਂ ਲੈਕੇ ਇਸ ਚੌਕ ਤੱਕ ਮਾਰਚ ਕੱਢਿਆ ਗਿਆ। ਕਿਸਾਨ ਆਗੂ ਗਰਸੇਵਕ ਸਿੰਘ ਫੱਤਾ ਮਾਲੋਕਾ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਵੀ ਜਲਦੀ ਰਿਹਾਅ ਕੀਤਾ ਜਾਵੇ। ਇਸ ਮੌਕੇ ਬਿੰਦਰ ਸਿੰਘ ਝੰਡਾ ਕਲਾਂ, ਜਗਜੀਤ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ ਹਾਜ਼ਰ ਸਨ।