ਦੇਵਿੰਦਰ ਸਿੰਘ ਜੱਗੀ
ਪਾਇਲ, 5 ਜੁਲਾਈ
ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਦੇ 165ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਰੱਬੋ ਉੱਚੀ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ, ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਚੇਅਰਮੈਨ ਯਾਦਵਿੰਦਰ ਸਿੰਘ ਸਿੰਘ ਜੰਡਾਲੀ ਪੁੱਜੇ ਤੇ ਉਨ੍ਹਾਂ ਨੇ ਬਾਬਾ ਮਹਾਰਾਜ ਸਿੰਘ ਦੀ ਤਸਵੀਰ ’ਤੇ ਫੁੱਲ ਚੜ੍ਹਾ ਕੇ ਸਿਜਦਾ ਕੀਤਾ। ਇਸ ਮੌਕੇ ਡਾ. ਅਮਰ ਸਿੰਘ ਨੇ ਇਲਾਕਾ ਵਾਸੀਆਂ ਦੀ ਮੰਗ ’ਤੇ ਬਾਬਰਪੁਰ ਤੋਂ ਭਰਥਲਾ ਮੰਡੇਰ ਤੱਕ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਰਾਹੀਂ ਸ਼ਹੀਦ ਬਾਬਾ ਮਹਾਰਾਜ ਸਿੰਘ ਮਾਰਗ ਬਣਾਉਣ ਦਾ ਵਿਸ਼ਵਾਸ ਦਿਵਾਇਆ।
ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਮਹਾਰਾਜ ਸਿੰਘ ਦਾ ਆਦਮ ਕੱਦ ਬੁੱਤ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪਿੰਡ ਦੀ ਕਿਸੇ ਢੁਕਵੀਂ ਜਗ੍ਹਾ ’ਤੇ ਲਾਇਆ ਜਾਵੇਗਾ। ਉਨ੍ਹਾਂ ਪਿੰਡ ਦੀ ਗਰਾਮ ਪੰਚਾਇਤ ਅਤੇ ਸਰਪੰਚ ਬੀਬੀ ਬਲਜੀਤ ਕੌਰ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਐੱਸਡੀਐੱਮ ਮਨਕੰਵਲ ਸਿੰਘ ਚਾਹਲ, ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ, ਚੇਅਰਮੈਨ ਬੰਤ ਸਿੰਘ ਜੰਡਾਲੀ, ਚੇਅਰਮੈਨ ਕਮਲਜੀਤ ਸਿੰਘ ਸਿਆੜ, ਉਪ ਚੇਅਰਮੈਨ ਗੁਰਦੀਪ ਸਿੰਘ, ਬਲਾਕ ਪ੍ਰਧਾਨ ਅਵਿੰਦਰਦੀਪ ਸਿੰਘ, ਜਥੇਦਾਰ ਮੰਗਤ ਰਾਏ ਸਿੰਘ, ਸਮਿਤੀ ਮੈਂਬਰ ਗੁਰਮੇਲ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।