ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਜਨਵਰੀ
ਮੁਹਾਲੀ ਸ਼ਹਿਰੀ ਤੇ ਦਿਹਾਤੀ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਗੁਰਦੁਆਰਿਆਂ ਵਿਚ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮ ਕਰਵਾਏ ਗਏ। ਕੀਰਤਨੀ ਤੇ ਢਾਡੀ ਜਥਿਆਂ ਨੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਜਾਣੂ ਕਰਵਾਉਂਦਿਆਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ। ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਸੈਕਟਰ-91 ਵਿੱਚ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਹਾਜ਼ਰੀ ਭਰੀ। ਹੋਰ ਗੁਰਦੁਆਰਿਆਂ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸਥਾਨਕ ਖ਼ਾਲਸਾ ਸਕੂਲ ਤੋਂ ਆਰੰਭ ਹੋਏ ਇਸ ਨਗਰ ਕੀਰਤਨ ਦਾ ਥਾਂ-ਥਾਂ ’ਤੇ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ ਸਨ। ਮੀਂਹ ਦੇ ਬਾਵਜੂਦ ਸੰਗਤ ਨੇ ਨਗਰ ਕੀਰਤਨ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਐਡਵੋਕੇਟ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿਚ ਵੱਡੀ ਗਿਣਤੀ ਸੰਗਤ ਅਤੇ ਰਾਗੀ ਢਾਡੀ ਜਥਿਆਂ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਵਿਚ ਬੈਂਡ ਅਤੇ ਗਤਕਾ ਪਾਰਟੀਆਂ ਨੇ ਜੌਹਰ ਦਿਖਾਏ। ਇਸ ਮੌਕੇ ਹੈੱਡ ਗ੍ਰੰਥੀ ਹਰਦਿੱਤ ਸਿੰਘ, ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗਿਆਨ ਸਿੰਘ, ਖ਼ਜਾਨਚੀ ਪਰਮਿੰਦਰ ਸਿੰਘ, ਸਕੱਤਰ ਗੁਰਬਖਸ ਸਿੰਘ, ਮੀਤ ਪ੍ਰਧਾਨ ਜਸਵੀਰ ਕੌਰ ਆਦਿ ਹਾਜ਼ਰ ਸਨ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਹਰਿਆਣਾ ਡੈਮੋਕ੍ਰੈਟਿਕ ਫ਼ਰੰਟ ਦੀ ਜਨਰਲ ਸਕੱਤਰ ਚਿਤਰਾ ਸਰਵਾਰਾ ਇੱਥੋਂ ਦੇ ਗੁਰਦੁਆਰਾ ਪੱਲੇਦਾਰ ਮੁਹੱਲਾ ਵਿਚ ਨਤਮਸਤਕ ਹੋਈ।
ਗੁਰਦੁਆਰਾ ਨਾਢਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਮਨਾਇਆ
ਪੰਚਕੂਲਾ (ਪੱਤਰ ਪ੍ਰੇਰਕ): ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਮਨਾਇਆ ਗਿਆ। ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ, ਮੈਨੇਜਰ ਸੁਖਦੇਵ ਸਿੰਘ ਅਤੇ ਬਲਜਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਅੱਜ 14 ਸਿੰਘਾਂ ਨੂੰ ਅੰਮ੍ਰਿਤ ਛਕਾਇਆ ਗਿਆ। ਵਰ੍ਹਦੇ ਮੀਂਹ ਦੇ ਬਾਵਜੂਦ ਗਿਣਤੀ ਵਿੱਚ ਸੰਗਤ ਪਹੁੰਚੀ। ਕਥਾਵਾਚਕ, ਰਾਗੀ, ਢਾਡੀ, ਕਵਿਸਰੀ ਅਤੇ ਕੀਰਤਨੀ ਜੱਥਿਆਂ ਨੇ ਆਪਣੇ ਪ੍ਰੋਗਰਾਮ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ। ਵਿਧਾਨ ਸਭਾ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਵੀ ਗੁਰਦੁਆਰਾ ਨਾਢਾ ਸਾਹਿਬ ਵਿੱਚ ਨਤਮਸਤਕ ਹੋਏ। ਇਸੇ ਤਰ੍ਹਾਂ ਪੰਚਕੂਲਾ ਜ਼ਿਲ੍ਹੇ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਪ੍ਰਕਾਸ਼ ਪੁਰਬ ਮਨਾਇਆ ਗਿਆ।