ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਦਸੰਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਸਿੰਘੂ ਬਾਰਡਰ ’ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਸਿੰਘੂ ਬਾਰਡਰ ’ਤੇ ਕਰਵਾਏ ਸਮਾਗਮ ਦੌਰਾਨ ਪਹਿਲਾਂ ਆਸਾ ਦੀ ਵਾਰ ਦੇ ਪਾਠ ਕੀਤੇ ਗਏ ਤੇ ਇਸ ਮਗਰੋਂ ਭਾਈ ਖੁਸ਼ਵੰਤ ਸਿੰਘ ਤੇ ਬੀਬੀ ਹਰਮੀਤ ਕੌਰ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਨੰਦ ਸਾਹਿਬ ਪੜ੍ਹਨ ਤੋਂ ਬਾਅਦ ਭਾਈ ਬਲਵੰਤ ਸਿੰਘ ਬਹਿਰਾਮ ਕੇ ਨੇ ਅਰਦਾਸ ਕੀਤੀ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਬਾਰੇ ਕਥਾ ਰਾਹੀਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਕੂਮਤ ਕਿਸਾਨਾਂ ਉਪਰ ਕਹਿਰ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਭਾਈ ਰਣਜੀਤ ਸਿੰਘ ਦੇ ਕੀਰਤਨੀ ਜਥੇ, ਕਵੀ ਕੁਲਬੀਰ ਸਿੰਘ ਹਰਦਲ, ਸੁਰਜੀਤ ਸਿੰਘ ਰਸੀਲਾ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਅਮਰੀਕ ਸਿੰਘ, ਡਾ. ਮਨਪ੍ਰੀਤ ਸਿੰਘ, ਬੀਬੀ ਮਨਪ੍ਰੀਤ ਕੌਰ (ਸੇਵਾ ਸਿਮਰਨ ਸੁਸਾਇਟੀ) ਨੇ ਕਥਾ ਪੇਸ਼ ਕੀਤੀ। ਇਸ ਮੌਕੇ ਕੁਲਦੀਪ ਸਿੰਘ ਬਜੀਦਪੁਰ ਦੋਆਬਾ ਕਿਸਾਨ ਸੰਘਰਸ਼ ਕਮੇਟੀ, ਮੁਕੇਸ਼ ਚੰਦਰ, ਹਰਜੀਤ ਸਿੰਘ ਰਵੀ, ਬੀਬੀ ਵਰਿੰਦਰ ਪਾਲ ਕੌਰ, ਸੱਜਣ ਸਿੰਘ, ਕਿਰਪਾ ਸਿੰਘ ਸੂਬਾ ਆਗੂ ਕਿਸਾਨ ਬਚਾਓ ਮੋਰਚਾ, ਬਲਦੇਵ ਸਿੰਘ ਸਿਰਸਾ, ਹਰਜਿੰਦਰ ਸਿੰਘ ਟਾਂਡਾ, ਲਖਵਿੰਦਰ ਸਿੰਘ, ਸ਼ੇਰ ਸਿੰਘ ਖੰਭੇ, ਪ੍ਰੀਤਮ ਸਿੰਘ ਕਾਦਰਵਾਲਾ, ਮਨਜੀਤ ਸਿੰਘ ਰਾਇ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।