ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜੈਨਬ ਅਖ਼ਤਰ ਨੂੰ ਪੰਜਾਬ ਵਕਫ ਬੋਰਡ ਦਾ ਚੇਅਰਪਰਸਨ ਲਾਇਆ ਗਿਆ ਹੈ| ਜੈਨਬ ਅਖਤਰ ਇਸ ਤੋਂ ਪਹਿਲਾਂ ਪੰਜਾਬ ਵਕਫ ਬੋਰਡ ਦੇ ਮੈਂਬਰ ਸਨ ਜਿਨ੍ਹਾਂ ਨੂੰ ਹੁਣ ਤਰੱਕੀ ਦੇ ਕੇ ਚੇਅਰਪਰਸਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ| ਇਸ ਤੋਂ ਪਹਿਲਾਂ ਇਹ ਅਹੁਦਾ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਇੱਕ ਸਖ਼ਸ ਨੂੰ ਦਿੱਤਾ ਹੋਇਆ ਸੀ| ਹੁਣ ਜਦੋਂ ਚੰਨੀ ਸਰਕਾਰ ਬਣੀ ਹੈ ਤਾਂ ਰਜ਼ੀਆ ਸੁਲਤਾਨਾ ਦੇ ਪਰਿਵਾਰ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ| ਸੂਤਰ ਦੱਸਦੇ ਹਨ ਕਿ ਬੇਸ਼ੱਕ ਵਕਫ ਬੋਰਡ ਦੀ ਮੀਟਿੰਗ ਵਿਚ ਇਹ ਫੈਸਲਾ ਹੁੰਦਾ ਹੈ ਪ੍ਰੰਤੂ ਹਕੀਕਤ ਵਿਚ ਸਰਕਾਰ ਦੇ ਹੁਕਮਾਂ ਮੁਤਾਬਿਕ ਹੀ ਚੇਅਰਪਰਸਨ ਦੀ ਨਿਯੁਕਤੀ ਹੁੰਦੀ ਹੈ|
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਜੋ ਕਿ ਸਾਬਕਾ ਆਈਪੀਐੱਸ ਅਧਿਕਾਰੀ ਹਨ, ਦੀ ਨੂੰਹ ਨੂੰ ਇਹ ਅਹੁਦਾ ਦਿੱਤੇ ਜਾਣ ‘ਤੇ ਆਮ ਆਦਮੀ ਪਾਰਟੀ ਨੇ ਉਂਗਲ ਉਠਾਈ ਹੈ| ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੱਧੁੂ ਨੂੰ ਨਿਸ਼ਾਨੇ ‘ਤੇ ਲਿਆ ਹੈ| ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੱਸਣ ਕਿ ਕੀ ਕਾਂਗਰਸ ਵਿਚ ਪਰਿਵਾਰਵਾਦ ਹੀ ਯੋਗਤਾ ਰਹਿ ਗਈ ਹੈ| ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ’ਚੋਂ ਹੋਰ ਕੋਈ ਯੋਗ ਨਹੀਂ ਹੈ ਜਿਸ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਸੀ| ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਤੇ ਪੰਜਾਬ ਕਾਂਗਰਸ ਨੇ ਇੱਕੋ ਪਰਿਵਾਰ ’ਚ ਤਿੰਨ ਅਹੁਦੇ ਦਿੱਤੇ ਹਨ|