ਚਰਨਜੀਤ ਭੁੱਲਰ
ਚੰਡੀਗੜ੍ਹ, 5 ਦਸੰਬਰ
ਪੰਜਾਬ ਦੀਆਂ ਕਿਸਾਨ ਬੀਬੀਆਂ ਜਰਨੈਲ ਕੌਰ ਅਤੇ ਬਲਵੀਰ ਕੌਰ ਨੇ ਅਦਾਕਾਰਾ ਕੰਗਣਾ ਰਣੌਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ (ਕੰਗਣਾ) ਹੁਣ ਪੰਜਾਬ ’ਚ ਪੈਰ ਧਰ ਕੇ ਦਿਖਾਵੇ| ਇਨ੍ਹਾਂ ਦੋਵੇਂ ਬੀਬੀਆਂ ਨੇ 3 ਦਸੰਬਰ ਨੂੰ ਕੰਗਣਾ ਰਣੌਤ ਦੀ ਘੇਰਾਬੰਦੀ ਕੀਤੀ ਸੀ ਅਤੇ ਕੰਗਣਾ ਨੂੰ ਸਿੱਧੇ ਸੁਆਲ ਕੀਤੇ ਸਨ| ਕੰਗਣਾ ਨੇ ਇਨ੍ਹਾਂ ਬੀਬੀਆਂ ਤੋਂ ਮੁਆਫ਼ੀ ਮੰਗੀ ਸੀ ਪ੍ਰੰਤੂ ਕੰਗਣਾ ਨੇ ਹੁਣ ਆਖ ਦਿੱਤਾ ਹੈ ਕਿ ਉਸ ਨੇ ਕਿਸੇ ਤੋਂ ਮੁਆਫ਼ੀ ਨਹੀਂ ਮੰਗੀ ਅਤੇ ਨਾ ਹੀ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ| ਕੰਗਣਾ ਦੇ ਬਿਆਨ ਤੋਂ ਬਾਅਦ ਦੋਵੇਂ ਬੀਬੀਆਂ ਦਾ ਗ਼ੁੱਸਾ ਸੱਤਵੇਂ ਆਸਮਾਨ ’ਤੇ ਹੈ| ਇਹ ਬੀਬੀਆਂ ਰੋਪੜ ਜ਼ਿਲ੍ਹੇ ਦੇ ਪਿੰਡ ਬੜਵਾ ਦੀਆਂ ਵਸਨੀਕ ਹਨ| ਇਨ੍ਹਾਂ ਬੀਬੀਆਂ ਨੇ ਗੁਪਤ ਅਪਰੇਸ਼ਨ ਚਲਾ ਕੇ ਹੀ ਅਦਾਕਾਰਾ ਨੂੰ ਘੇਰਨ ਵਿਚ ਸਫਲਤਾ ਪਾਈ ਸੀ| ਬੀਬੀਆਂ ਨੇ ਕਿਹਾ ਕਿ ‘ਕੰਗਣਾ ਸਾਡੀ ਸ਼ਰਾਫ਼ਤ ਦਾ ਫ਼ਾਇਦਾ ਉਠਾ ਗਈ ਅਤੇ ਹੁਣ ਉਸ ਤੋਂ ਮੁਆਫ਼ੀ ਮੰਗਵਾਈ ਜਾਵੇ, ਉਹ ਵੀ ਲਿਖਤੀ|’ ਉਹ ਹੁਣ ਕੰਗਣਾ ਦੇ ਘਿਰਾਓ ਲਈ ਮੁਹਾਲੀ ਹਵਾਈ ਅੱਡੇ ਤੱਕ ਵੀ ਜਾਣਗੀਆਂ| ਜਰਨੈਲ ਕੌਰ ਵਿਧਵਾ ਕਿਸਾਨ ਔਰਤ ਹੈ ਜਿਸ ਦਾ ਪਤੀ ਉਦੋਂ ਗੁਜ਼ਰ ਗਿਆ ਸੀ ਜਦੋਂ ਉਸ ਦੇ ਬੱਚੇ ਛੋਟੇ-ਛੋਟੇ ਸਨ| ਇਸ ਔਰਤ ਨੇ ਖ਼ੁਦ ਖੇਤੀ ਵਿੱਚ ਪਸੀਨਾ ਵਹਾਇਆ| ਉਸ ਦੀ ਇੱਕ ਲੜਕੀ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਹੁਣ ਇੱਕ ਲੜਕਾ ਬਚਿਆ ਹੈ ਜੋ ਖੇਤੀ ਕਰਦਾ ਹੈ| ਜਰਨੈਲ ਕੌਰ ਨੇ ਕਿਹਾ ਕਿ ਮਰੇ-ਮੁੱਕਰੇ ਦਾ ਕੋਈ ਇਲਾਜ ਨਹੀਂ ਪਰ ਕਿ ਕੰਗਣਾ ਇੱਕ ਗੱਲ ਚੇਤੇ ਰੱਖੇ ਕਿ ਉਹ ਹੁਣ ਪੰਜਾਬ ਵਿੱਚ ਆਉਣ ਦਾ ਸੁਪਨਾ ਵੀ ਨਾ ਲਵੇ|
ਉਨ੍ਹਾਂ ਕਿਹਾ ਕਿ ਕੰਗਣਾ ਨੇ ਖ਼ੁਦ ਮੁਆਫ਼ੀ ਮੰਗ ਕੇ ਜੈਕਾਰਾ ਛੱਡਿਆ ਸੀ, ਹੁਣ ਮੁੱਕਰ ਗਈ ਤਾਂ ਉਹ ਕੀ ਕਰ ਸਕਦੇ ਹਨ ਪਰ ਐਤਕੀ ਕੰਗਣਾ ਮੁਆਫੀਨਾਮਾ ਲਿਖਤੀ ਦੇਣਾ ਪੈਣਾ| ਕਿਸਾਨ ਬੀਬੀ ਬਲਵੀਰ ਕੌਰ ਦਾ ਕਹਿਣਾ ਸੀ ਕਿ ਜਦੋਂ ਕੰਗਣਾ ਘੇਰੀ ਗਈ ਸੀ ਤਾਂ ਉਦੋਂ ਕਹਿੰਦੀ ਸੀ ਕਿ ‘ਤੁਸੀਂ ਤਾਂ ਮੇਰੀਆਂ ਮਾਵਾਂ ਵਰਗੀਆਂ ਹੋ|’ ਉਨ੍ਹਾਂ 3 ਦਸੰਬਰ ਨੂੰ ਕੰਗਣਾ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਸਾਡੇ ਖੇਤਾਂ ਵਿਚ ਇੱਕ ਘੰਟਾ ਕੰਮ ਕਰ ਕੇ ਦਿਖਾਵੇ ਤੇ ਉਸ ਨੂੰ ਭਾੜੇ ਵਜੋਂ ਘੰਟੇ ਦੇ 2500 ਰੁਪਏ ਦਿੱਤੇ ਜਾਣਗੇ| ਬਲਵੀਰ ਕੌਰ ਨੇ ਕਿਹਾ ਕਿ ਹੁਣ ਕੰਗਣਾ ਪੰਜਾਬ ਆ ਕੇ ਦਿਖਾਵੇ, ਉਹ ਜਨਤਕ ਤੌਰ ’ਤੇ ਲਿਖਤੀ ਮੁਆਫ਼ੀ ਮੰਗਵਾਉਣਗੀਆਂ|
ਪੰਜਾਬ ਦੇ ਸਨਮਾਨ ਨੂੰ ਠੇਸ ਲਾਈ: ਰੰਧਾਵਾ
ਪੀਐੱਸਯੂ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਕੰਗਣਾ ਨੇ ਉਸ ਦਿਨ ਸਭਨਾਂ ਦੀ ਹਾਜ਼ਰੀ ਵਿਚ ਮੁਆਫ਼ੀ ਮੰਗੀ ਸੀ ਪ੍ਰੰਤੂ ਪੰਜਾਬ ’ਚੋਂ ਜਾਣ ਮਗਰੋਂ ਉਹ ਮੁੱਕਰ ਗਈ ਹੈ| ਉਨ੍ਹਾਂ ਕਿਹਾ ਕਿ ਕੰਗਣਾ ਦੇ ਮੁੱਕਰ ਜਾਣ ਮਗਰੋਂ ਖ਼ਾਸ ਕਰ ਕੇ ਕਿਸਾਨ ਬੀਬੀਆਂ ਵਿਚ ਕਾਫ਼ੀ ਰੋਸ ਹੈ ਕਿਉਂਕਿ ਕੰਗਣਾ ਨੇ ਬੀਬੀਆਂ ਦੇ ਸਨਮਾਨ ਨੂੰ ਹੀ ਨਹੀਂ ਬਲਕਿ ਪੰਜਾਬ ਦੇ ਸਨਮਾਨ ਨੂੰ ਸੱਟ ਮਾਰੀ ਹੈ।