ਸੰਜੀਵ ਬੱਬੀ
ਚਮਕੌਰ ਸਾਹਿਬ, 15 ਜਨਵਰੀ
ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਇਕ ਹਨ। ਉਹ ਇੱਥੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ। ਉਹ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਬੇਲਾ ਨੇੜੇ ਸਤਲੁਜ ਦਰਿਆ ’ਤੇ ਪੁਲ ਬਣਾਉਣ, ਮੋਰਿੰਡਾ-ਚਮਕੌਰ ਸਾਹਿਬ ਤੇ ਬੇਲਾ ਸੜਕ ਨੂੰ ਚਹੁੰ-ਮਾਰਗੀ ਕਰਨ, ਥੀਮ ਪਾਰਕ ਮੁਕੰਮਲ ਕਰਨ, ਹੁਨਰ ਵਿਕਾਸ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਅਤੇ ਸਥਾਨਕ ਹਸਪਤਾਲ ਨੂੰ 50 ਬਿਸਤਰਿਆਂ ਤੱਕ ਅਪਗਰੇਡ ਕਰਨ ਸਮੇਤ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਏ ਹਨ ਪਰ ਅਸਲ ਵਿੱਚ ਥੀਮ ਪਾਰਕ ਤੋਂ ਬਿਨਾਂ ਕੋਈ ਹੋਰ ਵਾਅਦਾ ਪੂਰਾ ਨਹੀਂ ਹੋਇਆ। ਹੁਨਰ ਵਿਕਾਸ ਸਕਿੱਲ ਯੂਨੀਵਰਸਿਟੀ ਸੁੰਗੜ ਕੇ ਇੰਸਟੀਚਿਊਟ ਬਣ ਗਈ ਹੈ। ਮੋਰਿੰਡਾ-ਚਮਕੌਰ ਸਾਹਿਬ ਤੇ ਬੇਲਾ ਸੜਕ ਨੂੰ ਚੌੜਾ ਕਰਨ ਦਾ ਕੰਮ ਮੱਠੀ ਚਾਲ ਚੱਲ ਰਿਹਾ ਹੈ। ਸਤਲੁਜ ਦਰਿਆ ’ਤੇ ਪੁਲ ਅਤੇ ਹਸਪਤਾਲ ਅਪਗੇਰਡ ਕਰਨ ਦਾ ਨੀਂਹ ਪੱਥਰ ਵੀ ਕੁਝ ਦਿਨ ਪਹਿਲਾਂ ਹੀ ਰੱਖਿਆ ਗਿਆ ਹੈ ਪਰ ਕੰਮ ਅਜੇ ਸ਼ੁਰੂ ਹੋਣਾ ਬਾਕੀ ਹੈ। ਇਲਾਕੇ ਦੀਆਂ ਲਿੰਕ ਸੜਕਾਂ ਵੀ ਲੰਮੇ ਸਮੇਂ ਤੋਂ ਮੁਰੰਮਤ ਮੰਗ ਰਹੀਆਂ ਹਨ।
ਹਲਕੇ ਦੇ ਵਿਧਾਇਕ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਅਥਾਹ ਵਿਕਾਸ ਕਾਰਜ ਹੋਏ ਹਨ ਅਤੇ ਅਰਬਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ ਹਨ, ਜਦੋਂ ਕਿ ਇੰਨਾ ਪੈਸਾ ਪਿਛਲੇ 50 ਸਾਲਾਂ ਵਿੱਚ ਨਹੀਂ ਆਇਆ ਜੋ ਕਿ ਉਨ੍ਹਾਂ 5 ਸਾਲ ਵਿੱਚ ਦਿੱਤਾ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਦਾ ਸੁੰਦਰੀਕਰਨ ਕੀਤਾ ਅਤੇ 50 ਕਰੋੜ ਰੁਪਏ ਹੋਰ ਸੁੰਦਰੀਕਰਨ ਲਈ ਮਨਜ਼ੂਰ ਕੀਤੇ ਹੋਏ ਹਨ, ਉੱਥੇ ਹੀ ਥੀਮ ਪਾਰਕ ਮੁਕੰਮਲ ਕੀਤਾ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਉੱਥੇ ਹੀ ਹਲਕੇ ਵਿੱਚ 2 ਆਈਟੀਆਈਜ਼ ਕਾਲਜ ਬਣ ਰਹੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਮੋਰਿੰਡਾ ਸ਼ਹਿਰ ਦੇ ਰੇਲਵੇ ਅੰਡਰਬ੍ਰਿੱਜ ਦਾ ਕੰਮ ਚੱਲ ਰਿਹਾ ਹੈ ਅਤੇ ਦਰਿਆ ਸਤਲੁਜ ’ਤੇ ਪੁਲ ਬਣਾਉਣ ਵਾਸਤੇ ਜ਼ਮੀਨ ਐਕੁਆਇਰ ਕਰਨ ਲਈ ਪੈਸੇ ਆ ਚੁੱਕੇ ਹਨ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਸੱਤਾ ਵਿੱਚ ਨਾ ਹੋਣ ਦਾ ਲਾਰਾ ਲਗਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਸ ਸਾਲ ਲੰਘਾ ਦਿੱਤੇ, ਹੁਣ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਹਲਕੇ ਦਾ ਵਿਕਾਸ ਨਹੀਂ ਕਰਵਾ ਸਕੇ। ਹਲਕੇ ਵਿੱਚ ਕਿਸੇ ਪਰਿਵਾਰ ਨੂੰ ਪੰਜ ਮਰਲੇ ਦਾ ਪਲਾਟ ਨਹੀਂ ਮਿਲਿਆ, ਵਿਕਾਸ ਦੇ ਨਾਂ ’ਤੇ ਕੋਈ ਮਾਡਲ ਸਕੂਲ ਜਾਂ ਵਧੀਆਂ ਹਸਪਤਾਲ ਨਹੀਂ ਬਣਾ ਸਕੇ ਨਾ ਹੀ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਲਈ ਕੋਈ ਉਦਯੋਗਿਕ ਇਕਾਈ ਲਗਵਾਈ ਹੈ। ਉਨ੍ਹਾਂ ਕਿਹਾ ਕਿ ਥੀਮ ਪਾਰਕ ਨੂੰ ਉਹ ਜਿਹੜੀ ਆਪਣੀ ਪ੍ਰਾਪਤੀ ਵਜੋਂ ਦਸ ਰਹੇ ਹਨ, ਇਹ ਤਤਕਾਲੀ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਦੇ ਯਤਨਾਂ ਸਦਕਾ ਸ਼ੁਰੂ ਕਰਵਾਇਆ ਸੀ।
ਬਸਪਾ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਕਿਹਾ ਕਿ ਚਮਕੌਰ ਸਾਹਿਬ ਦੇ ਸੁੰਦਰੀਕਰਨ ਸਮੇਤ ਥੀਮ ਪਾਰਕ ਕੇਂਦਰ ਸਰਕਾਰ ਦੀ ਪ੍ਰਸ਼ਾਦ ਸਕੀਮ ਸਬੰਧੀ ਆਈ ਗਰਾਂਟ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਚੰਨੀ ਆਪਣੇ ਹਲਕੇ ਦੇ ਮੁੱਖ ਸ਼ਹਿਰ ਮੋਰਿੰਡਾ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਰੇੜਕਾ ਤੱਕ ਖਤਮ ਨਹੀਂ ਕਰਵਾ ਸਕੇ ਤੇ ਨਾ ਹੀ ਮੋਰਿੰਡਾ ਦਾ ਰੇਲਵੇ ਅੰਡਰਬਰਿੱਜ ਮੁਕੰਮਲ ਹੋਇਆ ਹੈ।
”ਪਿੰਡਾਂ ਵਿੱਚ ਵਿਕਾਸ ਕਾਰਜ ਹੋਏ ਤੇ ਅਰਬਾਂ ਦੀਆਂ ਗਰਾਂਟਾਂ ਵੰਡੀਆਂ।”
-ਚਰਨਜੀਤ ਸਿੰਘ ਚੰਨੀ, ਕਾਂਗਰਸ
”ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਵਿਕਾਸ ਨਹੀਂ ਕਰਵਾ ਸਕੇ ਚੰਨੀ।”
-ਡਾ. ਚਰਨਜੀਤ ਸਿੰਘ, ‘ਆਪ’
”ਥੀਮ ਪਾਰਕ ਕੇਂਦਰ ਸਰਕਾਰ ਦੀ ਪ੍ਰਸ਼ਾਦ ਸਕੀਮ ਸਬੰਧੀ ਗਰਾਂਟ ਦੀ ਦੇਣ।”
-ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਬਸਪਾ