ਸੰਜੀਵ ਬੱਬੀ
ਚਮਕੌਰ ਸਾਹਿਬ, 20 ਸਤੰਬਰ
ਬਦਲਾਅ ਦਾ ਵਾਅਦਾ ਕਰ ਕੇ ਸੱਤਾ ’ਚ ਆਈ ‘ਆਪ’ ਸਰਕਾਰ ਦੇ ਰਾਜ ਦਾ ਡੇਢ ਵਰ੍ਹਾ ਬੀਤਣ ਤੋਂ ਬਾਅਦ ਵੀ ਚਮਕੌਰ ਸਾਹਿਬ ਦੇ ਹਸਪਤਾਲ ਦੇ ਹਾਲਾਤ ਬਦਲ ਨਹੀਂ ਸਕੇ ਹਨ। ਹਸਪਤਾਲ ’ਚ ਨਵੀਆਂ ਸਹੂਲਤਾਂ ਤਾਂ ਕੀ ਮਿਲਣੀਆਂ ਸਨ ਬਲਕਿ ਐਕਸ-ਰੇਅ ਮਸ਼ੀਨ ਦੀਆਂ ਰੀਲਾਂ ਤਕ ਨਹੀਂ ਪਹੁੰਚ ਰਹੀਆਂ। ਇਸ ਕਾਰਨ ਲੋਕ ਪ੍ਰਾਈਵੇਟ ਲੈਬਾਂ ਵਿੱਚ ਐਕਸ-ਰੇ ਕਰਵਾਉਣ ਲਈ ਮਜਬੂਰ ਹਨ। ਚਮਕੌਰ ਸਾਹਿਬ ਦਾ ਇਹ ਸਿਹਤ ਕੇਂਦਰ ਤਹਿਸੀਲ ਦਾ ਇੱਕੋ-ਇੱਕ ਸਰਕਾਰੀ ਹਸਪਤਾਲ ਹੈ। ਇੱਥੇ ਪ੍ਰੇਸ਼ਾਨ ਹੋ ਰਹੇ ਲੋਕਾਂ ਨੇ ਕਿਹਾ ਕਿ ਆਮ ਆਦਮੀ ਕਲੀਨਕ ਖੋਲ੍ਹਣ ਵਾਲੀ ਸਰਕਾਰ ਨੇ ਤਹਿਸੀਲ ਪੱਧਰ ਦੇ ਹਸਪਤਾਲ ਵਿੱਚ ਸਸਤੇ ਭਾਅ ’ਤੇ ਸੀਟੀ ਸਕੈਨ, ਐਮਆਰਆਈ ਸਹੂਲਤਾਂ ਤਾਂ ਕੀ ਦੇਣੀਆਂ ਸਨ ਬਲਕਿ ਐਕਸ-ਰੇਅ ਤਕ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ, ਯੂਥ ਆਗੂ ਲਖਵੀਰ ਸਿੰਘ ਲੱਖੀ, ਗੁਰਸ਼ਰਨ ਸਿੰਘ, ਸਿਮਰਨ ਸਿੰਘ ਤੇ ਲਵਲੀ ਬੇਲਾ ਨੇ ਕਿਹਾ ਕਿ ਚਮਕੌਰ ਸਾਹਿਬ ਜਿਹੇ ਇਤਿਹਾਸਕ ਕਸਬੇ ਵਿੱਚ ਮਿਸਾਲੀ ਸਹੂਲਤਾਂ ਵਾਲਾ ਹਸਪਤਾਲ ਹੋਣਾ ਚਾਹੀਦਾ ਸੀ ਪਰ ਅਫ਼ਸੋਸ ਮਰੀਜ਼ ਐਕਸ-ਰੇਅ ਲਈ ਵੀ ਖੁਆਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਹਸਪਤਾਲ ਕੋਲ ਬਜਟ ਹੀ ਨਹੀਂ: ਅੱੈਸਐੱਮਓ
ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਨੇ ਦੱਸਿਆ ਕਿ ਹਸਪਤਾਲ ਕੋਲ ਬਜਟ ਹੀ ਨਹੀਂ ਹੈ। ਮਸ਼ੀਨ ਦੀਆਂ ਰੀਲਾਂ ਨਾ ਹੋਣ ਕਾਰਨ ਐਕਸ-ਰੇਅ ਨਹੀਂ ਹੋ ਰਹੇ, ਇਸ ਸਬੰਧੀ ਉਹ ਉੱਚ ਅਧਿਕਾਰੀਆਂ ਨੂੰ ਦੱਸ ਚੁੱਕੇ ਹਨ।