ਚਰਨਜੀਤ ਭੁੱਲਰ
ਚੰਡੀਗੜ੍ਹ, 2 ਅਗਸਤ
ਇਸ ਵਾਰ ਕੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੂੰ ਆਜ਼ਾਦੀ ਦਿਹਾੜੇ ’ਤੇ ਸਟੇਟ ਐਵਾਰਡ ਮਿਲੇਗਾ। ‘ਆਪ’ ਸਰਕਾਰ ਇਸੇ ਸੁਆਲ ਨੂੰ ਲੈ ਕੇ ਸ਼ਸ਼ੋਪੰਜ ਵਿਚ ਹੈ ਅਤੇ ਇਸੇ ਹਫ਼ਤੇ ਮੁੱਖ ਸਕੱਤਰ ਇਸ ਸਬੰਧੀ ਮੀਟਿੰਗ ਕਰਨਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਦੋਂ ਉਨ੍ਹਾਂ ਨੇ 14 ਅਗਸਤ 2021 ਨੂੰ 45 ਹਸਤੀਆਂ ਨੂੰ ਆਜ਼ਾਦੀ ਦਿਹਾੜੇ ’ਤੇ ਸਟੇਟ ਐਵਾਰਡ ਦੇਣ ਦਾ ਐਲਾਨ ਕੀਤਾ ਸੀ ਜਿਨ੍ਹਾਂ ਵਿਚ ਲਵਲੀ ਪ੍ਰੋਫੈਸ਼ਨਲ ’ਵਰਸਿਟੀ ਦੇ ਫਾਊਂਡਰ ਚਾਂਸਲਰ ਅਸ਼ੋਕ ਕੁਮਾਰ ਮਿੱਤਲ ਵੀ ਸ਼ਾਮਲ ਸਨ।
ਸਾਲ 2021 ਵਿਚ ਆਜ਼ਾਦੀ ਦਿਹਾੜੇ ਮੌਕੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਕੌਮੀ ਝੰਡਾ ਲਹਿਰਾਇਆ ਸੀ। ਉਦੋਂ ਸਰਕਾਰ ਨੇ 45 ਹਸਤੀਆਂ ਨੂੰ ਸਟੇਟ ਐਵਾਰਡ ਦੇਣ ਦਾ ਤਾਂ ਐਲਾਨ ਕਰ ਦਿੱਤਾ ਪਰ ਇਹ ਸਹਿਮਤੀ ਬਣੀ ਕਿ ਇੱਕ ਵੱਖਰਾ ਸਮਾਗਮ ਕਰਕੇ ਮਗਰੋਂ ਇਹ ਐਵਾਰਡ ਦਿੱਤੇ ਜਾਣਗੇ। ਉਸ ਮਗਰੋਂ ਇਹ ਸਮਾਗਮ ਕਦੇ ਹੋਇਆ ਹੀ ਨਹੀਂ। ਚੋਣਾਂ ਮਗਰੋਂ ਹੁਣ ‘ਆਪ’ ਸਰਕਾਰ ਸੱਤਾ ਵਿਚ ਆਈ ਹੈ। ਹੁਣ ਦੁਚਿੱਤੀ ਇਹ ਬਣੀ ਹੋਈ ਹੈ ਕਿ ਸਟੇਟ ਐਵਾਰਡਾਂ ਲਈ ਨਵੇਂ ਸਿਰਿਉਂ ਚੋਣ ਕੀਤੀ ਜਾਵੇ ਜਾਂ ਪੁਰਾਣੀ ਸੂਚੀ ਅਨੁਸਾਰ ਹੀ ਪੁਰਸਕਾਰ ਦੇ ਦਿੱਤੇ ਜਾਣ। ਸੂਤਰ ਦੱਸਦੇ ਹਨ ਕਿ ਮੁੱਖ ਸਕੱਤਰ ਵੀ.ਕੇ. ਜੰਜੂਆ ਵੱਲੋਂ ਇਸੇ ਹਫ਼ਤੇ ਪੁਰਾਣੇ ਐਲਾਨੇ ਸਟੇਟ ਐਵਾਰਡਾਂ ਬਾਰੇ ਫ਼ੈਸਲਾ ਲਿਆ ਜਾਣਾ ਹੈ। ਕੈਪਟਨ ਸਰਕਾਰ ਸਮੇਂ ਸਟੇਟ ਐਵਾਰਡੀ ਐਲਾਨੇ ਅਸ਼ੋਕ ਕੁਮਾਰ ਮਿੱਤਲ ਹੁਣ ਕੇਂਦਰ ਬਿੰਦੂ ਰਹਿਣਗੇ ਕਿਉਂਕਿ ਹੁਣ ਮਿੱਤਲ ‘ਆਪ’ ਸਰਕਾਰ ਤਰਫ਼ੋਂ ਰਾਜ ਸਭਾ ਮੈਂਬਰ ਬਣੇ ਹਨ। ਉੱਪਰੋਂ ਹਾਲ ਵਿਚ ਹੀ ਲਵਲੀ ਯੂਨੀਵਰਸਿਟੀ ਦਾ ਨਾਮ ਜ਼ਮੀਨੀ ਵਿਵਾਦ ਵਿਚ ਜੁੜਿਆ ਹੈ ਜਿਸ ਬਾਰੇ ’ਵਰਸਿਟੀ ਪ੍ਰਬੰਧਕ ਇਨਕਾਰ ਵੀ ਕਰ ਚੁੱਕੇ ਹਨ। ਇੱਕ ਪੱਖ ਇਹ ਵੀ ਹੈ ਕਿ ਪੁਰਾਣੀ ਐਲਾਨੀ ਸੂਚੀ ਨੂੰ ਹੀ ਰੱਦ ਕਰ ਦਿੱਤਾ ਜਾਵੇ। ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਅਸ਼ੋਕ ਕੁਮਾਰ ਮਿੱਤਲ ਵੀ ਇਸ ਸਟੇਟ ਐਵਾਰਡ ਤੋਂ ਵਿਰਵੇ ਰਹਿ ਜਾਣਗੇ।
‘ਕਿੱਤਾ ਮਾਹਿਰ’ ਵਜੋਂ ਹੋਈ ਸੀ ਚੋਣ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਕੁਮਾਰ ਮਿੱਤਲ ਨੂੰ ਪਿਛਲੇ ਵਰ੍ਹੇ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਵੱਖਰਾ ਸਮਾਗਮ ਕਰਕੇ ਐਵਾਰਡ ਦਿੱਤਾ ਜਾਵੇਗਾ ਜਿਸ ਬਾਰੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੂਚਨਾ ਭੇਜੀ ਜਾਵੇਗੀ। 2020 ਵਿਚ ਵੀ ਸਟੇਟ ਐਵਾਰਡ ਕਰੋਨਾ ਕਰਕੇ ਦੇਣੇ ਤਾਂ ਦੂਰ ਦੀ ਗੱਲ, ਐਲਾਨੇ ਵੀ ਨਹੀਂ ਗਏ ਸਨ। ਅਸ਼ੋਕ ਕੁਮਾਰ ਮਿੱਤਲ ਨੂੰ ‘ਕਿੱਤਾ ਮਾਹਿਰ’ ਵਜੋਂ ਸਟੇਟ ਐਵਾਰਡ ਲਈ ਚੁਣਿਆ ਗਿਆ ਸੀ।