ਪੱਤਰ ਪ੍ਰੇਰਕ
ਮਾਨਸਾ, 19 ਜੁਲਾਈ
ਚਾਂਦਪੁਰਾ ਬੰਨ੍ਹ ਨੂੰ ਅੱਜ ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਆਪਸੀ ਸਹਿਮਤੀ ਤੋਂ ਬਾਅਦ ਮੁੜ ਪੂਰਨ ਦਾ ਕਾਰਜ ਆਰੰਭਿਆ ਗਿਆ। ਇਸ ਪਾੜ ਨੇ ਮਾਨਸਾ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਪਿੰਡਾਂ ਵਿੱਚ ਤਬਾਹੀ ਮਚਾਈ ਹੋਈ ਹੈ। ਬੰਨ੍ਹ ਪੂਰਨ ਦਾ ਦਾਅਵਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਸਣੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ, ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਹਰਿਆਣਾ ਦੀ ਹੱਦ ਵਿੱਚ ਪਿੰਡ ਸਿਧਾਣੀ ਨੇੜੇ ਵਰ੍ਹਦੇ ਮੀਂਹ ’ਚ ਪਏ ਪਾੜ ਨੂੰ ਪੂਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਚਾਂਦਪੁਰਾ ਬੰਨ੍ਹ ’ਚ ਪਾੜ ਪੈਣ ਵਾਲੇ ਦਿਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਹਰਿਆਣਾ ਸਰਕਾਰ ਤੋਂ ਬੰਨ੍ਹ ਪੂਰਨ ਦੀ ਇਜਾਜ਼ਤ ਲੈਣ ’ਚ ਜੁਟਿਆ ਹੋਇਆ ਸੀ, ਜੋ ਹੁਣ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਬੰਨ੍ਹ ਵਾਲੀ ਥਾਂ ’ਤੇ ਧਾਰਾ 144 ਲਗਾ ਕੇ ਪੁਲੀਸ ਦਾ ਪਹਿਰਾ ਲਗਾਇਆ ਹੋਇਆ ਸੀ।