ਦਿਲਬਾਗ ਸਿੰਘ ਗਿੱਲ
ਅਟਾਰੀ, 16 ਜੂਨ
ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਂਕੀ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਬੀਐੱਸਐੱਫ ਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਰੋਜ਼ ਸ਼ਾਮ ਦੇ ਸਮੇਂ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਦਾ ਸਮਾਂ ਤਬਦੀਲ ਹੋ ਗਿਆ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵੱਲੋਂ ਮੌਸਮ ਦੇ ਬਦਲਾਅ ਦੇ ਮੱਦੇਨਜ਼ਰ ਆਪਸੀ ਸਹਿਮਤੀ ਨਾਲ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਹੁਣ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਤੋਂ 7 ਵਜੇ ਸ਼ਾਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਰੀਟਰੀਟ ਸ਼ਾਮ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6:30 ਵਜੇ ਸਮਾਪਤ ਹੁੰਦੀ ਸੀ। ਸੀਮਾ ਸੁਰੱਖਿਆ ਬਲ ਵੱਲੋਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਸੂਚਿਤ ਕੀਤਾ ਹੈ ਕਿ ਹੁਣ ਉਹ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਵੇਖਣ ਲਈ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਪਹੁੰਚਣ।