ਚਰਨਜੀਤ ਭੁੱਲਰ
ਚੰਡੀਗੜ੍ਹ, 14 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਸਿਸਵਾਂ ਫਾਰਮ ਹਾਊਸ ’ਤੇ ਪਲੇਠੀ ਮੀਟਿੰਗ ਕੀਤੀ, ਜਿਸ ਨੂੰ ਲੈ ਕੇ ਸਿਆਸੀ ਕਿਆਫ਼ੇ ਲੱਗਣੇ ਸ਼ੁਰੂ ਹੋ ਗਏ ਹਨ। ਬਾਹਰੀ ਨਜ਼ਰੇ ਇਹ ਮਿਲਣੀ ਪਰਿਵਾਰਕ ਜਾਪਦੀ ਹੈ, ਪਰ ਸਿਆਸੀ ਮਾਹਿਰ ਇਸ ਨੂੰ ਨਵੇਂ ਰਾਜਸੀ ਜੋੜ-ਤੋੜ ਵਜੋਂ ਦੇਖ ਰਹੇ ਹਨ।
ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਮਿਲਣੀ ਉਦੋਂ ਕੀਤੀ ਹੈ ਜਦੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਈਕਮਾਂਡ ਨਾਲ ਮੁਲਾਕਾਤ ਕਰਨ ਲਈ ਦਿੱਲੀ ਵਿੱਚ ਸਨ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਨਵਵਿਆਹੇ ਪੁੱਤਰ ਅਤੇ ਨੂੰਹ ਨੂੰ ਆਸ਼ੀਰਵਾਦ ਦਿਵਾਉਣ ਲਈ ਸਿਸਵਾਂ ਫਾਰਮ ਹਾਊਸ ਪੁੱਜੇ, ਜਿੱਥੇ ਚੰਨੀ ਨਾਲ ਉਨ੍ਹਾਂ ਦੀ ਪਤਨੀ ਅਤੇ ਦੂਸਰੇ ਲੜਕੇ ਤੋਂ ਇਲਾਵਾ ਭਰਾ ਵੀ ਹਾਜ਼ਰ ਸਨ। ਇਸ ਮੌਕੇ ਯਾਦਗਾਰੀ ਤਸਵੀਰ ਵੀ ਖਿਚਾਈ ਗਈ ਅਤੇ ਤਸਵੀਰ ਤੋਂ ਇਹ ਮਿਲਣੀ ਨਿੱਘ ਭਰੀ ਜਾਪ ਰਹੀ ਸੀ। ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਕੁਝ ਦਿਨ ਪਹਿਲਾਂ ਫ਼ੋਨ ਕਰ ਕੇ ਲੜਕੇ ਦੇ ਵਿਆਹ ਦੀ ਮੁਬਾਰਕਬਾਦ ਦਿੱਤੀ ਸੀ। ਦੱਸ ਦੇਈਏ ਕਿ ਨਵਜੋਤ ਸਿੱਧੂ ਚੰਨੀ ਦੇ ਲੜਕੇ ਦੇ ਵਿਆਹ ਸਮਾਗਮਾਂ ਵਿਚੋਂ ਗੈਰਹਾਜ਼ਰ ਰਹੇ ਸਨ। ਸੂਤਰ ਦੱਸਦੇ ਹਨ ਕਿ ਅਮਰਿੰਦਰ ਸਿੰਘ ਵੱਲੋਂ ਚੰਨੀ ਪਰਿਵਾਰ ਨੂੰ ਖਾਣੇ ਦਾ ਸੱਦਾ ਦਿੱਤਾ ਗਿਆ ਸੀ। ਪਰਿਵਾਰ ਆਖ ਰਿਹਾ ਹੈ ਕਿ ਅਮਰਿੰਦਰ ਸਿੰਘ ਨਾਲ ਇਹ ਸ਼ਿਸ਼ਟਾਚਾਰਕ ਮਿਲਣੀ ਸੀ ਅਤੇ ਇਸ ਤੋਂ ਵੱਧ ਕੁਝ ਨਹੀਂ ਸੀ। ਦੱਸਦੇ ਹਨ ਕਿ ਇਸ ਮੌਕੇ ਚਰਨਜੀਤ ਚੰਨੀ ਅਤੇ ਅਮਰਿੰਦਰ ਸਿੰਘ ਦਰਮਿਆਨ ਸਿਆਸੀ ਵਿਚਾਰਾਂ ਵੀ ਹੋਈਆਂ ਹਨ ਅਤੇ ਖ਼ਾਸ ਤੌਰ ’ਤੇ ਨਵਜੋਤ ਸਿੱਧੂ ਦਾ ਵੀ ਜ਼ਿਕਰ ਹੋਇਆ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਮੁੱਖ ਮੰਤਰੀ ਬਣੇ ਚੰਨੀ ਅਜੇ ਤੱਕ ਅਮਰਿੰਦਰ ਸਿੰਘ ਨੂੰ ਮਿਲੇ ਨਹੀਂ ਸਨ। ਚੰਨੀ ਪਰਿਵਾਰ ਕਰੀਬ ਇੱਕ ਘੰਟਾ ਸਿਸਵਾਂ ਫਾਰਮ ’ਤੇ ਠਹਿਰਿਆ। ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਨਵਜੋਤ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦੇ ਰਹੇ ਹਨ ਅਤੇ ਚਰਨਜੀਤ ਚੰਨੀ ਪ੍ਰਤੀ ਅਮਰਿੰਦਰ ਸਿੰਘ ਦਾ ਵਤੀਰਾ ਨਾ ਸਿਰਫ਼ ਨਰਮੀ ਵਾਲਾ ਰਿਹਾ ਬਲਕਿ ਅਮਰਿੰਦਰ ਸਿੰਘ ਚੰਨੀ ਦਾ ਪੱਖ ਵੀ ਪੂਰਦੇ ਰਹੇ ਹਨ। ਜਦੋਂ ਨਵਜੋਤ ਸਿੱਧੂ ਨੇ ਹੱਲਾ ਬੋਲ ਕੇ ਚੰਨੀ ਨਾਲੋਂ ਵੀ ਦੂਰੀ ਬਣਾ ਲਈ ਹੈ ਤਾਂ ਇਸ ਮੌਕੇ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਦੀ ਮਿਲਣੀ ਸਿਆਸੀ ਨਜ਼ਰੀਏ ਤੋਂ ਖ਼ਾਸ ਜਾਪਦੀ ਹੈ।
ਭਾਜਪਾ ਨਾਲ ਰਲੇ ਹੋਏ ਨੇ ਅਮਰਿੰਦਰ: ਪਰਗਟ ਸਿੰਘ
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਬੀਐੱਸਐੱਫ ਦਾ ਪੰਜਾਬ ’ਚ ਦਾਇਰਾ ਵਧਾਏ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧਾ ਸਿਆਸੀ ਹੱਲਾ ਬੋਲਿਆ ਹੈ। ਵਜ਼ੀਰ ਪਰਗਟ ਸਿੰਘ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਸਮੇਂ ਦੌਰਾਨ ਚਿੱਠੀਆਂ ਲਿਖ ਕੇ ਨਿਸ਼ਾਨੇ ’ਤੇ ਲੈਂਦੇ ਰਹੇ ਹਨ ਅਤੇ ਅੱਜ ਪਰਗਟ ਸਿੰਘ ਨੇ ਅਮਰਿੰਦਰ ਸਿੰਘ ’ਤੇ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ ਲਾਏ ਹਨ।
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਵੱਲੋਂ ਭਾਜਪਾ ਨਾਲ ਮਿਲ ਕੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਤਰਕ ਦਿੱਤਾ ਕਿ ਅਮਰਿੰਦਰ ਸਿੰਘ ਜਦੋਂ ਪਹਿਲੀ ਦਫ਼ਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਮਿਲਣ ਗਏ ਤਾਂ ਉਦੋਂ ਕੇਂਦਰ ਨੇ ਝੋਨੇ ਦੀ ਖ਼ਰੀਦ 10 ਦਿਨਾਂ ਲਈ ਅੱਗੇ ਪਾ ਦਿੱਤੀ ਸੀ। ਹੁਣ ਜਦੋਂ ਦੂਸਰੀ ਦਫ਼ਾ ਕੈਪਟਨ ਦਿੱਲੀ ਵਿਚ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਹਨ ਤਾਂ ਕੇਂਦਰ ਨੇ ਪੰਜਾਬ ਵਿਚ ਬੀਐੱਸਐੱਫ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ ਕਿ ਅਸਲ ਵਿਚ ਕੈਪਟਨ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਭਾਜਪਾ ਦੇ ਧਰੁਵੀਕਰਨ ਦੀ ਸਿਆਸਤ ਦਾ ਹਿੱਸਾ ਹੈ ਅਤੇ ਇਸ ਤੋਂ ਇਲਾਵਾ ਇਹ ਸੰਘੀ ਢਾਂਚੇ ’ਤੇ ਵੀ ਹਮਲਾ ਹੈ ਜਿਸ ਤਹਿਤ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਕੈਪਟਨ ਨੇ ਸਿੱਧੂ ਤੇ ਪਰਗਟ ਘੇਰੇ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਗਟ ਸਿੰਘ ’ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਮੰਤਰੀ ਦਾ ਬਿਆਨ ਗ਼ੈਰਜ਼ਿੰਮੇਵਾਰੀ ਦਾ ਸਿਖ਼ਰ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅਸਲ ਵਿਚ ਨਵਜੋਤ ਸਿੱਧੂ ਅਤੇ ਪਰਗਟ ਸਿੰਘ ਇੱਕੋ ਥਾਲ਼ੀ ਦੇ ਚੱਟੇ-ਵੱਟੇ ਹਨ। ਉਨ੍ਹਾਂ ਕਿਹਾ ਕਿ ਹੋਛੇ ਪ੍ਰਚਾਰ ਲਈ ਅਜਿਹੇ ਸ਼ਗੂਫ਼ੇ ਛੱਡੇ ਜਾ ਰਹੇ ਹਨ। ਦੋਵੇਂ ਹਾਸੋਹੀਣੀਆਂ ਕਹਾਣੀਆਂ ਤੋਂ ਸਿਵਾਏ ਕੁੱਝ ਨਹੀਂ ਕਰ ਸਕਦੇ।