ਇਕਬਾਲ ਸਿੰਘ ਸ਼ਾਂਤ
ਲੰਬੀ, 6 ਜਨਵਰੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਰਾਹ ਵਿਚ ਪਈ ਰੁਕਾਵਟ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਸੁਰੱਖਿਆ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਸੂਬਾ ਸਰਕਾਰ ਦੇ ਫਰਜ਼ ਹੁੰਦੇ ਹਨ। ਇਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੁੱਜਣਾ ਪੈਂਦਾ ਹੈ। ਭਾਵੇਂ ਉਸ ਸੂਬੇ ਵਿੱਚ ਕਿਸੇ ਪਾਰਟੀ ਦੀ ਸਰਕਾਰ ਹੋਵੇ, ਇਹ ਰਵਾਇਤੀ ਸਿਆਸੀ ਨਿਯਮ-ਕਾਇਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਦੂਸਰੀ ਗੱਲ ਹੈ ਕਿ ਭਾਜਪਾ ਦੀ ਰੱਦ ਕੀਤੀ ਫਿਰੋਜ਼ਪੁਰ ਰੈਲੀ ਵਿੱਚ ਤਾਂ ਇਕੱਠ ਹੀ ਨਹੀਂ ਸੀ, ਲੋਕ ਉਥੇ ਗਏ ਹੀ ਨਹੀਂ। ਇਸ ਨਾਲ ਸਪਸ਼ੱਟ ਹੋ ਗਿਆ ਕਿ ਭਾਜਪਾ ਨੂੰ ਪੰਜਾਬ ਦੇ ਲੋਕ ਨਹੀਂ ਚਾਹੁੰਦੇ। ਇਨ੍ਹਾਂ ਨੇ ਕਿਸਾਨੀ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਲੋਕ ਇਸ ਗੱਲ ਤੋਂ ਦੁਖੀ ਹਨ ਅਤੇ ਦੁਖੀ ਬੰਦਾ ਕੁਝ ਵੀ ਕਰ ਸਕਦਾ ਹੈ। ਸਾਬਕਾ ਮੁੱਖ ਮੰਤਰੀ ਬੀਤੇ ਕਈ ਦਿਨਾਂ ਤੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੰਬੀ ਹਲਕੇ ਵਿੱਚ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਲੀਡਰ ਤਾਂ ਆਪਸ ਵਿਚ ਸਾਨ੍ਹਾਂ ਵਾਂਗ ਲੜ੍ਹ ਰਹੇ ਹਨ। ਇਹ ਇੱਕ ਟੀਮ ਵਾਂਗ ਨਹੀਂ ਬਲਕਿ ਟੀਮ ਵਿਚ ਰਹਿ ਕੇ ਇੱਕ ਦੂਸਰੇ ਖਿਲਾਫ ਮੋਰਚਾ ਖੋਲ੍ਹੀ ਬੈਠੇ ਹਨ। ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਹੋਰ ਆਗੂ ਮੌਜੂਦ ਸਨ।