ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਸਤੰਬਰ
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਪੰਜਾਬ ਭਵਨ ਵਿੱਚ ਕਰੀਬ ਦਸ ਘੰਟਿਆਂ ਤੱਕ ਚੱਲੀ ਗੱਲਬਾਤ ਦੌਰਾਨ ਆਪਸੀ ਮਤਭੇਦ ਖਤਮ ਕਰਨ ਲਈ ਫਾਰਮੂਲਾ ਤਿਆਰ ਹੋ ਗਿਆ ਹੈ। ਦੋਵਾਂ ਵਿਚਾਲੇ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਵਿੱਚ ਹਰੀਸ਼ ਚੌਧਰੀ ਤੇ ਹੋਰ ਕਈ ਨੇਤਾ ਮੌਜੂਦ ਸਨ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਅੱਜ ਕਿਹਾ ਸੀ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅੱਜ ਗੱਲਬਾਤ ਲਈ ਸੱਦਾ ਦਿੱਤਾ। ਸ੍ਰੀ ਸਿੱਧੂ ਨੇ ਟਵੀਟ ਕੀਤਾ,‘ਮੁੱਖ ਮੰਤਰੀ ਨੇ ਮੈਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇਗੀ।’ ਸ੍ਰੀ ਸਿੱਧੂ ਮੁੱਖ ਮੰਤਰੀ ਨੂੰ ਮਿਲਣ ਲਈ ਪਟਿਆਲਾ ਤੋਂ ਚੰਡੀਗੜ੍ਹ ਰਵਾਨਾ ਹੋਏ। ਉਨ੍ਹਾਂ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਦੀ ਉਡੀਕ ਕੀਤੀ ਤੇ 15-20 ਮਿੰਟ ਬਾਅਦ ਮੁੱਖ ਮੰਤਰੀ ਪੰਜਾਬ ਭਵਨ ਪੁੱਜੇ। ਪਟਿਆਲਾ ਵਿਖੇ ਯਾਦਵਿੰਦਰਾ ਕਾਲੋਨੀ ’ਚ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋਣ ਮੌਕੇ ਸਿੱਧੂ ਦੇ ਨਾਲ ਉਨ੍ਹਾਂ ਦੇ ਨਜ਼ਦੀਕੀ ਵਿਧਾਇਕ ਕੁਲਜੀਤ ਨਾਗਰਾ, ਸੁਰਜੀਤ ਧੀਮਾਨ ਅਤੇ ਉਨ੍ਹਾਂ ਦੇ ਮਿੱਤਰ ਗੁਲਜ਼ਾਰ ਇੰਦਰ ਸਿੰਘ ਚਹਿਲ ਉਰਫ ਪਠਾਣ ਵੀ ਸਨ। ਸ੍ਰੀ ਸਿੱਧੂ ਗੁਲਜ਼ਾਰ ਇੰਦਰ ਸਿੰਘ ਚਹਿਲ ਦੀ ਗੱਡੀ ਵਿੱਚ ਸਵਾਰ ਸਨ ਤੇ ਇਸ ਕਾਰ ਨੂੰ ਗੁਲਜ਼ਾਰ ਇੰਦਰ ਸਿੰਘ ਚਹਿਲ ਚਲਾ ਰਹੇ ਸਨ।