ਕਰਮਜੀਤ ਸਿੰਘ ਚਿੱਲਾ
ਬਨੂੜ, 10 ਫਰਵਰੀ
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਸੁਰੱਖਿਆ ਅਤੇ ਸ਼ਾਂਤੀ ਲਈ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਕੇਂਦਰ ਸਰਕਾਰ ਦੀ ਬੇਹੱਦ ਲੋੜ ਹੈ। ਉਨ੍ਹਾਂ ਅੱਜ ਰਾਜਪੁਰਾ ਹਲਕੇ ਤੋਂ ਭਾਜਪਾ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਹੱਕ ਵਿੱਚ ਅਨਾਜ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 40 ਦਾਗੀ ਵਿਧਾਇਕਾਂ ਨੂੰ ਦੁਬਾਰਾ ਟਿਕਟਾਂ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਕਿਹੋ ਜਿਹੇ ਨੁਮਾਇੰਦੇ ਲਿਆਉਣਾ ਚਾਹੁੰਦੀ ਹੈ। ਚੰਨੀ ਨੇ 111 ਦਿਨਾਂ ਵਿੱਚ 33 ਹਜ਼ਾਰ ਕਰੋੜ ਬਰਬਾਦ ਕੀਤੇ ਅਤੇ ਹੁਣ ਰਾਜ ਸਰਕਾਰ ਕੋਲ ਮਾਰਚ ਮਹੀਨੇ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ ਜੋਗੇ ਵੀ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ ਨਾਲ ਯਾਰੀਆਂ ਪੁਗਾਉਂਦਾ ਹੈ, ਜਦੋਂਕਿ ਪਾਕਿਸਤਾਨ ਹਮੇਸ਼ਾ ਪੰਜਾਬ ਵਿੱਚ ਗੜਬੜ ਫੈਲਾਉਣ ਲਈ ਡਰੋਨਾਂ ਰਾਹੀਂ ਹਥਿਆਰ ਭੇਜਦਾ ਹੈ। ਅਰਵਿੰਦ ਕੇਜਰੀਵਾਲ ਉੱਤੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੀਆਂ ਗਾਰੰਟੀਆਂ ਕਰ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਦੇਣ ਵਾਲਾ ਕੇਜਰੀਵਾਲ ਦੱਸੇ ਕਿ ਉਸ ਨੇ ਦਿੱਲੀ ਵਿਚ ਮਹਿਲਾਵਾਂ ਨੂੰ ਇਹ ਰਾਸ਼ੀ ਕਿਉਂ ਨਹੀਂ ਦਿੱਤੀ।
ਹਾਲੇ ਰਿਟਾਇਰ ਨਹੀਂ ਹੋਣਾ: ਕੈਪਟਨ
ਕੈਪਟਨ ਅਮਰਿੰਦਰ ਨੇ ਆਖਿਆ ਕਿ ਉਹ ਅਜੇ ਪੂਰੀ ਤਰ੍ਹਾਂ ਕਾਇਮ ਹਨ ਤੇ ਪੰਜਾਬ ਅਤੇ ਦੇਸ਼ ਦੇ ਹਿੱਤ ਲਈ ਉਹ ਅਜੇ ਰਿਟਾਇਰ ਨਹੀਂ ਹੋਣਗੇ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ 94 ਸਾਲ ਦੀ ਉਮਰ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਹਨ ਤੇ ਉਹ ਵੀ ਚੋਣਾਂ ਲੜਦੇ ਰਹਿਣਗੇ।
ਕੈਪਟਨ ਦੀ ਚਾਚੀ ਭਾਜਪਾ ’ਚ ਸ਼ਾਮਲ
ਪਟਿਆਲਾ (ਸਰਬਜੀਤ ਸਿੰਘ ਭੰਗੂ): ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਸਾਬਕਾ ਰਾਜ ਸਭਾ ਮੈਂਬਰ ਬੀਬਾ ਅਮਰਜੀਤ ਕੌਰ ਅੱਜ ਭਾਜਪਾ ’ਚ ਸਾਮਲ ਹੋ ਗਏ। ਪਟਿਆਲਾ ਦੇ ਸ਼ਾਹੀ ਘਰਾਣੇ ਦੀ ਨੂੰਹ ਬੀਬਾ ਅਮਰਜੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕੀ ਚਾਚੀ ਹਨ ਜਿਨ੍ਹਾਂ ਦੀ ਰਿਹਾਇਸ਼ ਵੀ ਇਥੇ ਨਿਊ ਮੋਤੀ ਬਾਗ ਪੈਲੇਸ ਨਜ਼ਦੀਕ ਹੈ।