ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 18 ਅਕਤੂਬਰ
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਪਿਛਲੇ ਦਿਨੀਂ ਮੁੰਬਈ ਤੋਂ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੁਬਾਰਾ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਉਸ ਦਾ ਮੈਡੀਕਲ ਕਰਵਾਇਆ ਗਿਆ। ਮੁਲਜ਼ਮ ਚੜ੍ਹਤ ਸਿੰਘ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਦੀ ਹਿਰਾਸਤ ਵਿੱਚ ਹੈ। ਉਸ ਨੂੰ ਐੱਨਡੀਪੀਐੱਸ ਅਤੇ ਅਸਲਾ ਐਕਟ ਤਹਿਤ ਦਰਜ ਇੱਕ ਪੁਰਾਣੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਚੜ੍ਹਤ ਸਿੰਘ ਵਿਦੇਸ਼ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਅਤਿਵਾਦੀ ਲਖਬੀਰ ਲੰਡਾ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ।
ਇੰਟੈਲੀਜੈਂਸ ਹੈੱਡਕੁਆਰਟਰ ’ਤੇ ਬੀਤੀ 9 ਮਈ ਨੂੰ ਆਰਪੀਜੀ ਨਾਲ ਹਮਲਾ ਕੀਤਾ ਗਿਆ ਸੀ। ਪੁਲੀਸ ਅਨੁਸਾਰ ਚੜ੍ਹਤ ਸਿੰਘ ਇਸ ਹਮਲੇ ਦਾ ਮੁੱਖ ਸੰਚਾਲਕ ਹੈ। ਮੁਲਜ਼ਮ ਨੇ ਲੰਡਾ ਦੀ ਮਦਦ ਨਾਲ ਪੰਜਾਬ ਭਰ ਵਿੱਚ ਇੱਕ ਮਜ਼ਬੂਤ ਅਪਰਾਧ ਨੈੱਟਵਰਕ ਬਣਾਇਆ ਹੋਇਆ ਸੀ ਅਤੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਲੌਜਿਸਟਿਕ ਸਹਾਇਤਾ ਅਤੇ ਪਨਾਹ ਦਿੰਦਾ ਰਿਹਾ ਸੀ। ਚੜ੍ਹਤ ਨੇ ਪਾਕਿਸਤਾਨ ਵਿੱਚ ਰਹਿੰਦੇ ਅਤਿਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਰਾਹੀਂ ਪਾਕਿਸਤਾਨ ਦੀ ਆਈਐੱਸਆਈ ਦੇ ਸਰਗਰਮ ਸਮਰਥਨ ਨਾਲ ਸਰਹੱਦ ਪਾਰੋਂ ਇੱਕ ਆਰਪੀਜੀ, ਏਕੇ-47 ਅਤੇ ਹੋਰ ਹਥਿਆਰ ਮੰਗਵਾਏ ਸਨ।