ਪਾਲ ਸਿੰਘ ਨੌਲੀ
ਜਲੰਧਰ, 23 ਜੁਲਾਈ
ਬਰਗਾੜੀ ਬੇਅਦਬੀ ਕਾਂਡ ’ਚ ਕਥਿਤ ਤੌਰ ’ਤੇ ਘਿਰੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ। ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ 1986 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਵਾਪਰੇ ਨਕੋਦਰ ਬੇਅਦਬੀ ਕਾਂਡ ਦੀ ਮੁੜ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੜਨ ’ਤੇ 4 ਫਰਵਰੀ 1986 ਨੂੰ ਸ਼ਾਂਤਮਈ ਰੋਸ ਪ੍ਰਗਟਾ ਰਹੀ ਸਿੱਖ ਸੰਗਤ ’ਤੇ ਪੁਲੀਸ ਵੱਲੋਂ ਗੋਲੀਆਂ ਚਲਾਉਣ ਕਾਰਨ ਸ਼ਹੀਦ ਹੋਏ 4 ਸਿੱਖ ਨੌਜਵਾਨਾਂ ਦੇ ਮਾਪੇ 35 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਹਨ।
ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ 2019 ਵਿੱਚ ਲੋਕ ਸਭਾ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਚਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਇਆ ਸੀ। ਮੁੱਖ ਮੰਤਰੀ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਪੱਤਰ ’ਚ ਲਿਖਿਆ ਕਿ 1986 ’ਚ ਘਟਨਾ ਵਾਪਰਨ ਮੌਕੇ ਜਲੰਧਰ ਦੇ ਐੱਸਐੱਸਪੀ ਇਜ਼ਹਾਰ ਆਲਮ ਤੇ ਏਡੀਸੀ ਦਰਬਾਰਾ ਸਿੰਘ ਗੁਰੂ ਸਨ, ਜੋ ਹੁਣ ਸ਼੍ਰੋਮਣੀ ਅਕਾਲੀ ਦਲ ’ਚ ਵੱਡੇ ਅਹੁਦਿਆਂ ’ਤੇ ਹਨ। ਹਾਲਾਂਕਿ ਘਟਨਾ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ ਪਰ ਲੰਮਾ ਸਮਾਂ ਉਸਦੀ ਰਿਪੋਰਟ ਹੀ ਪੇਸ਼ ਨਹੀਂ ਹੋਈ। ਬਾਦਲ ਸਰਕਾਰ ਨੇ 2001 ’ਚ ਚਰਨਜੀਤ ਸਿੰਘ ਅਟਵਾਲ ਦੇ ਸਪੀਕਰ ਹੁੰਦਿਆਂ ਹੋਇਆਂ ਚਲਾਕੀ ਨਾਲ ਇਸ ਰਿਪੋਰਟ ਦਾ ਇੱਕ ਹਿੱਸਾ ਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤਾ ਸੀ ਪਰ ਉਸ ’ਤੇ ਕਾਰਵਾਈ ਨਹੀਂ ਕੀਤੀ।
ਉਧਰ ਇਸ ਘਟਨਾ ’ਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਗੇ।