ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਮੂਨਕ, 15 ਜੁਲਾਈ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਵਿਧਾਇਕ ਬਰਿੰਦਰ ਗੋਇਲ ਸਮੇਤ ਮੂਨਕ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਤੇ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ। ਦੋਵੇਂ ਮੰਤਰੀਆਂ ਨੇ ਹਮੀਰਗੜ੍ਹ ਵਿਚ ਸਥਾਪਤ ਰਾਹਤ ਕੇਂਦਰ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਉਹ ਖੁਦ ਪ੍ਰਸ਼ਾਸਨਿਕ ਅਧਿਕਾਰੀਆਂ, ਫੌਜ ਅਤੇ ਐਨਡੀਆਰਐਫ ਦੀ ਟੀਮ ਨਾਲ ਕਿਸ਼ਤੀਆਂ ਰਾਹੀਂ ਪਿੰਡਾਂ ਤੋਂ ਸੰਪਰਕ ਵਿੱਚ ਟੁੱਟੇ ਘਰਾਂ ਤੱਕ ਜਾ ਕੇ ਆਏ ਹਨ ਅਤੇ ਲੋਕਾਂ ਨੇ ਪੰਜਾਬ ਸਰਕਾਰ ਦੇ ਰਾਹਤ ਕਾਰਜਾਂ ਪੱਖੋਂ ਤਸੱਲੀ ਪ੍ਰਗਟਾਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਤੱਕ ਮਦਦ ਪਹੁੰਚਾਉਣ ਲਈ ਜ਼ੋਨ ਬਣਾ ਕੇ ਹਰ ਤਰ੍ਹਾਂ ਦੀ ਸਹਾਇਤਾ ਮੁੱਹਈਆ ਕਰਵਾਈ ਜਾ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਛੇਤੀ ਹੀ ਪੰਜਾਬ ਸਰਕਾਰ ਵੱਲੋਂ ਅਜਿਹੀ ਯੋਜਨਾ ਤਿਆਰ ਕੀਤੀ ਜਾਵੇਗੀ ਜਿਸ ਨਾਲ ਹਰ ਸਾਲ ਮੌਨਸੂਨ ਦੌਰਾਨ ਦਰਪੇਸ਼ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਦਾ ਢੁਕਵਾਂ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਘੱਗਰ 748 ਫੁੱਟ ’ਤੇ ਟੁੱਟ ਜਾਂਦਾ ਸੀ ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਕੀਤੇ ਅਗੇਤੇ ਪ੍ਰਬੰਧਾਂ ਕਾਰਨ 752 ਫੁੱਟ ’ਤੇ ਪਾਣੀ ਪਹੁੰਚਣ ਮਗਰੋਂ ਘੱਗਰ ਨੇ ਤਬਾਹੀ ਮਚਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਯੋਜਨਾਬੱਧ ਤਰੀਕੇ ਨਾਲ ਉਪਰਾਲੇ ਕੀਤੇ ਹੁੰਦੇ ਤਾਂ ਅੱਜ ਅਜਿਹੀ ਸਥਿਤੀ ਪੈਦਾ ਨਾ ਹੁੰਦੀ।