ਦਿਲਬਾਗ ਸਿੰਘ ਗਿੱਲ
ਅਟਾਰੀ, 23 ਜੂਨ
ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਭਾਰਤ ’ਚ ਪਹਿਲੀ ਵਾਰ ਹੋਣ ਵਾਲੀ ਚੈੱਸ ਓਲੰਪਿਆਡ ਦੀ ਮਸ਼ਾਲ ਰਿਲੇਅ ਅੱਜ ਵਾਹਗਾ ਸਰਹੱਦ ਪੁੱਜੀ। ਇਸ ਮਸ਼ਾਲ ਨੂੰ ਖੁੱਲ੍ਹੀ ਜੀਪ ’ਚ ਚੈੱਸ ਦੇ ਗਰੈਂਡ ਮਾਸਟਰ ਦੀਪ ਸੇਨ ਗੁਪਤਾ ਲੈ ਕੇ ਆਏ। ਮਸ਼ਾਲ ਮਾਰਚ ਦਾ ਅਧਿਕਾਰੀਆਂ, ਐਨਆਈਐਸ, ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ ਪਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮਸ਼ਾਲ ਮਾਰਚ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਮਸ਼ਾਲ ਨੇ ਸਾਡੇ ਨੌਜਵਾਨਾਂ ’ਚ ਖੇਡਾਂ ਲਈ ਜੋਸ਼ ਭਰਿਆ ਹੈ। ਡਿਪਟੀ ਕਮਿਸ਼ਨਰ ਨੇ ਚੈੱਸ ਦੇ ਗਰੈਂਡ ਮਾਸਟਰ ਦੀਪ ਸੇਨ ਗੁਪਤਾ ਨੂੰ ਵਾਪਸ ਮਸ਼ਾਲ ਦਿੱਤੀ ਜੋ ਅਗਲੇ ਪੜਾਅ ਕੁਰੂਕਸ਼ੇਤਰ ਲਈ ਰਵਾਨਾ ਹੋਵੇਗੀ।
ਇਸ ਮੌਕੇ ਅਟਾਰੀ ਸਰਹੱਦ ’ਤੇ ਚੈੱਸ ਗ੍ਰੈਂਡ ਮਾਸਟਰ ਨੇ ਛੋਟੀ ਉਮਰ ਦੇ ਖਿਡਾਰੀਆਂ ਨਾਲ ਸ਼ਤਰੰਜ ਖੇਡੀ ਤੇ ਬੱਚਿਆਂ ਨੂੰ ਸ਼ਤਰੰਜ ਖੇਡਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸ਼ਤਰੰਜ ਓਲੰਪਿਆਡ ਮਸ਼ਾਲ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰੰਘ, ਐਸਡੀਐਮ ਹਰਪ੍ਰੀਤ ਸਿੰਘ, ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਜਸਬੀਰ ਸਿੰਘ, ਪੰਜਾਬ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਥਾਪਰ, ਅੰਮ੍ਰਿਤਸਰ ਚੈੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਾਨਿਸ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।