ਪਵਨ ਕੁਮਾਰ ਵਰਮਾ
ਧੂਰੀ, 21 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਧੂਰੀ ਵਿੱਚ ਰੋਡ ਸ਼ੋਅ ਕਰਕੇ ਅੱਜ ਹਲਕੇ ਦੇ ਵੋਟਰਾਂ ਨੂੰ ਝਾੜੂ ਵਾਲਾ ਬਟਨ ਦੱਬਣ ਦੀ ਅਪੀਲ ਕੀਤੀ। ਇਸ ਮੌਕੇ ਭਗਵੰਤ ਮਾਨ ਨੇ ਲੋਕਾਂ ਨੂੰ ਦੱਸਿਆ ਕਿ ‘ਆਪ’ ਸਰਕਾਰ ਨੇ ਸਿਰਫ਼ ਤਿੰਨ ਮਹੀਨਿਆਂ ਵਿੱਚ ਉਹ ਕੰਮ ਕੀਤੇ ਹਨ, ਜਿਹੜੇ ਹੋਰਨਾ ਪਾਰਟੀਆਂ ਦੀਆਂ ਸਰਕਾਰਾਂ ਆਪਣੇ ਪੂਰੇ ਕਾਰਜਕਾਲ ਦੌਰਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਬੰਦ ਹੋ ਗਈ ਹੈ ਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਕਮਾਈ ਖਾਣ ਵਾਲੀਆਂ ਚਿਟ ਫੰਡ ਕੰਪਨੀਆਂ ਦੀਆਂ ਜਾਇਦਾਦਾਂ ਵੇਚ ਕੇ ਪੀੜਤ ਪਰਿਵਾਰਾਂ ਦਾ ਇੱਕ ਇੱਕ ਪੈਸਾ ਵਾਪਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਤੋਂ ਮੁੱਖ ਮੰਤਰੀ ਬਣਾ ਕੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸੇ ਲਈ ਉਨ੍ਹਾਂ ਸੰਗਰੂਰ ਸੀਟ ’ਤੇ ਆਪਣੇ ਸਰਪੰਚ ਗੁਰਮੇਲ ਸਿਘ ਘਰਾਚੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ 23 ਜੂਨ ਨੂੰ ਵੱਡੀ ਗਿਣਤੀ ਵੋਟਾਂ ਨਾਲ ਘਰਾਚੋਂ ਨੂੰ ਜਿਤਾ ਕੇ ਸੰਸਦ ਭੇਜਿਆ ਜਾਵੇ ਤਾਂ ਜੋ ਉਹ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਸਰਬਪੱਖੀ ਵਿਕਾਸ ਕਰਵਾ ਸਕਣ।
ਸ਼ੇਰਪੁਰ (ਬੀਰਬਲ ਰਿਸ਼ੀ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਆਪਣੇ ਹਲਕੇ ਦੇ 16 ਪਿੰਡਾਂ ਵਿੱਚ ਰੋਡ ਸ਼ੋਅ ਕਰਕੇ ਪਾਰਟੀ ਉਮੀਦਵਾਰ ਨੂੰ ਜਿਤਾਉਣ ਦਾ ਸੱਦਾ ਦਿੱਤਾ। ਵਿਧਾਨ ਸਭਾ ਚੋਣ ਜਿੱਤਣ ਮਗਰੋਂ ਮੁੱਖ ਮੰਤਰੀ ਅੱਜ ਪਹਿਲੀ ਵਾਰ ਹਲਕੇ ਦੇ ਪਿੰਡਾਂ ਵਿੱਚ ਆਏ ਸਨ। ਹਲਕਾ ਧੂਰੀ ਦੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਮੂਲੋਵਾਲ, ਅਲਾਲ, ਸਲੇਮਪੁਰ, ਘਨੌਰੀ ਕਲਾਂ, ਜਹਾਂਗੀਰ, ਕਹੇਰੂ ਸਮੇਤ 16 ਪਿੰਡਾਂ ਵਿੱਚ ਪੁੱਜਿਆ ਰੋਡ ਸ਼ੋਅ ਪਿੰਡ ਭਲਵਾਨ ਤੋਂ ਹਲਕੇ ਵਿੱਚ ਦਾਖਲ ਹੋਇਆ। ਭਵਾਨੀਗੜ (ਮੇਜਰ ਸਿੰਘ ਮੱਟਰਾਂ): ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਇਥੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵੱਲੋਂ ਖੜ੍ਹਾ ਕੀਤਾ ਗਿਆ ਉਮੀਦਵਾਰ ਗੁਰਮੇਲ ਸਿੰਘ ਪੜ੍ਹਿਆ ਲਿਖਿਆ ਤੇ ਨਿਧੱੜਕ ਨੌਜਵਾਨ ਆਗੂ ਹੈ, ਜੋ ਪਿੰਡ ਦੀ ਸਰਪੰਚੀ ਤੋਂ ਸਫ਼ਰ ਸ਼ੁਰੂ ਕਰ ਕੇ ਹੁਣ ਦੇਸ਼ ਦੀ ਸੰਸਦ ਵਿੱਚ ਲੋਕਾਂ ਦੀ ਆਵਾਜ ਬੁਲੰਦ ਕਰੇਗਾ।
ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ: ਮਾਨ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਪੰਜਾਬ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਤੇ ਇਸ ਨੂੰ ਕੋਈ ਨਹੀਂ ਤੋੜ ਸਕਦਾ। ਸ੍ਰੀ ਮਾਨ ਨੇ ਇੱਥੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ, ਕੇਂਦਰੀ ਏਜੰਸੀਆਂ ਤੋਂ ਇਲਾਵਾ ਹੋਰਨਾਂ ਪੰਜ ਸੂਬਿਆਂ ਨਾਲ ਮਿਲ ਕੇ ਗਾਇਕ ਸ਼ੁੱਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੀ ਹੱਤਿਆ ਦੇ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਤਿੰਨ ਮਹੀਨਿਆਂ ਅੰਦਰ ਹੀ ‘ਆਪ’ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਪ੍ਰੇਸ਼ਾਨ ਹੋ ਰਹੀਆਂ ਹਨ। ਇਸ ਲਈ ਇਹ ਪਾਰਟੀਆਂ ਲੋਕਾਂ ਨੂੰ ਆਪਣੇ ਝੂਠੇ ਦਾਅਵਿਆਂ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇੱਥੋਂ ਤੱਕ ਕਿ ਪਿਛਲੀਆਂ ਸਰਕਾਰਾਂ ਦੇ ਰਾਜ ’ਚ ਪੈਦਾ ਕੀਤੇ ਗਏ ਗੈਂਗਸਟਰਾਂ ਲਈ ਵੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀਆਂ ਹਨ। ਉਨ੍ਹਾਂ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਪਾਰੀਆਂ ਲਈ ਜਲਦ ਨਵੀਂ ਉਦਯੋਗਿਕ ਨੀਤੀ ਲਿਆਵਾਂਗੇ: ਮੁੱਖ ਮੰਤਰੀ
ਧੂਰੀ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਧੂਰੀ ਸਥਿਤ ਤਾਰਾ ਹਵੇਲੀ ਪਹੁੰਚੇ, ਜਿੱਥੇ ਉਨ੍ਹਾਂ ਧੂਰੀ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਹਲਕੇ ਵਿੱਚ ਵਪਾਰੀ ਵਰਗ ਨੂੰ ਵਧਾਉਣ ਲਈ ਨਵੀਂ ਉਦਯੋਗਿਕ ਨੀਤੀ ਲਿਆਂਦੀ ਜਾ ਰਹੀ ਹੈ। ਇਸ ਨੀਤੀ ਤਹਿਤ ਵਪਾਰੀਆਂ ਨੂੰ ਵੀ ਹਿੱਸੇਦਾਰ ਬਣਾਇਆ ਜਾਵੇਗਾ ਅਤੇ ਕੋਈ ਵੀ ਸਮੱਸਿਆ ਆਉਣ ’ਤੇ ਉਨ੍ਹਾਂ ਨਾਲ ਸਲਾਹ ਕਰਕੇ ਹੱਲ ਕੱਢੇ ਜਾਣਗੇ।