* ਜੇਐੱਸਡਬਲਯੂ ਸਟੀਲਜ਼ 1600 ਕਰੋੜ ਰੁਪਏ ਦੀ ਲਾਗਤ ਨਾਲ 28 ਏਕੜ ਵਿੱਚ ਨਵਾਂ ਯੂਨਿਟ ਕਰੇਗੀ ਸਥਾਪਤ
* ਸਿਫੀ ਟੈਕਨਾਲੋਜੀਜ਼ ਮੁਹਾਲੀ ’ਚ ਏਆਈ ਅਧਾਰਤ ਹੌਰੀਜ਼ੌਂਟਲ ਡੇਟਾ ਸੈਂਟਰ ’ਚ ਨਿਵੇਸ਼ ਦੀ ਇੱਛੁਕ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਅੱਜ ਮੁੰਬਈ ਵਿਚ ਵੱਖ-ਵੱਖ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਨਅਤਕਾਰਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਤੇ ਸਦਭਾਵਨਾ ਹੈ, ਜੋ ਸੂਬੇ ਦੇ ਸਰਵਪੱਖੀ ਵਿਕਾਸ ਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਲਈ ਹਮੇਸ਼ਾ ਤਿਆਰ ਹੈ। ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਦੇ ਮੁੰਬਈ ਦੌਰੇ ਨਾਲ ਸੂਬੇ ਵਿੱਚ 25 ਹਜ਼ਾਰ ਕਰੋੜ ਰੁਪਏ ਦਾ ਨਵਾਂ ਨਿਵੇਸ਼ ਆਉਣ ਦੀ ਆਸ ਹੈ।
ਮੁੱਖ ਮੰਤਰੀ ਨਾਲ ਬੈਠਕ ਦੌਰਾਨ ਜੇਐੱਸਡਬਲਯੂ ਗਰੁੱਪ ਨੇ ਸੂਬੇ ਵਿੱਚ ਸਟੀਲ ਕੋਟਿੰਗ ਉਤਪਾਦਾਂ ਸਮੇਤ 1600 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰਨ ਲਈ ਸਹਿਮਤੀ ਦਿੱਤੀ ਹੈ। ਜੇਐੱਸਡਬਲਯੂ ਸਟੀਲ ਕੋਟਿਡ ਪ੍ਰੋਡਕਟਸ ਲਿਮਟਿਡ ਦੇ ਕਾਰੋਬਾਰੀ ਮੁਖੀ ਅਮਰਜੀਤ ਸਿੰਘ ਦਹੀਆ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਕਾਰੋਬਾਰ ਦੇ ਵਿਸਥਾਰ ਲਈ 1600 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਵਿੱਚ ਮੌਜੂਦਾ ਪਲਾਂਟ ਦੇ ਨਾਲ ਲੱਗਦੀ 28.17 ਏਕੜ ਜ਼ਮੀਨ ਖਰੀਦੀ ਹੈ। ਸਿਫੀ ਟੈਕਨਾਲੋਜੀਜ਼ ਲਿਮਟਿਡ ਦੇ ਪ੍ਰਧਾਨ ਦਲੀਪ ਕੌਲ ਨੇ ਕਿਹਾ ਕਿ ਕੰਪਨੀ ਨੇ ਪਹਿਲੇ ਪੜਾਅ ’ਚ ਮੁਹਾਲੀ ਵਿਖੇ ਡੇਟਾ ਸੈਂਟਰ ਸਥਾਪਤ ਕਰਨ ਅਤੇ ਪੰਜਾਬ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਤ ਹੌਰੀਜ਼ੌਂਟਲ ਡੇਟਾ ਸੈਂਟਰ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਸੀਈਓ ਦਾਮੋਦਰਨ ਸਤਗੋਪਨ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਉਨ੍ਹਾਂ ਪੰਜਾਬ ਦੇ ਰਣਨੀਤਕ ਲਾਭਾਂ, ਹੁਨਰਮੰਦ ਮਨੁੱਖੀ ਵਸੀਲਿਆਂ, ਬੁਨਿਆਦੀ ਢਾਂਚਾ, ਨੌਕਰਸ਼ਾਹੀ ਦੇ ਪੇਸ਼ੇਵਰ ਵਿਹਾਰ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਇੱਕ ਭਾਈਵਾਲੀ ਦੀ ਸ਼ੁਰੂਆਤ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਫਾਰਮਾ ਕੰਪਨੀ ਦੀ ਸਾਲਾਨਾ ਟਰਨਓਵਰ 48,496 ਕਰੋੜ ਰੁਪਏ ਹੈ ਅਤੇ ਮੌਜੂਦਾ ਸਮੇਂ ਟੌਂਸਾ, ਬਲਾਚੌਰ (ਐੱਸਬੀਐੱਸ ਨਗਰ) ਅਤੇ ਮੁਹਾਲੀ (ਐੱਸਏਐੱਸ ਨਗਰ) ਵਿੱਚ ਪ੍ਰਾਜੈਕਟ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਨ ਫਾਰਮਾ ਬ੍ਰਾਂਡਿਡ ਉਤਪਾਦਾਂ ਲਈ ਇਨ-ਲਾਇਸੈਂਸਿੰਗ, ਐੱਮ ਐਂਡ ਏ ਅਤੇ ਆਊਟ ਲਾਇਸੈਂਸਿੰਗ ਗਤੀਵਿਧੀਆਂ ਰਾਹੀਂ ਕਾਰੋਬਾਰ ਦਾ ਵਿਸਥਾਰ ਕਰਨ ਦੀ
ਇੱਛੁਕ ਹੈ। ਆਰਪੀਜੀ ਗਰੁੱਪ ਦੇ ਵਾਈਸ ਚੇਅਰਮੈਨ ਅਨੰਤ ਗੋਇਨਕਾ ਨੇ ਆਪਣੇ ਗਰੁੱਪ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਦੀ ਇੱਛਾ ਜ਼ਾਹਿਰ ਕਰਦਿਆਂ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਵਿੱਚ ਬਣਾਏ ਸਿੰਗਲ ਵਿੰਡੋ ਸਿਸਟਮ ਦੀ ਸ਼ਲਾਘਾ ਕੀਤੀ। ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸੀਏਟ ਨੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਵਿਸਥਾਰ ਕਰਨ ਸਬੰਧੀ ਯੋਜਨਾਵਾਂ ਉਲੀਕੀਆਂ ਹਨ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਪਹਿਲਾਂ ਹੀ ਦੱਖਣ ਅਤੇ ਪੱਛਮ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਗਿਆ ਹੈ ਅਤੇ ਹੁਣ ਪੰਜਾਬ ਦੀ ਵਾਰੀ ਹੈ।