ਜਸਬੀਰ ਸਿੰਘ ਚਾਨਾ
ਫਗਵਾੜਾ, 7 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਹਾਈ ਕੋਰਟ ਦੇ ਕਹਿਣ ’ਤੇ ਬਣਾਈ ਗਈ ‘ਸਿਟ’ ਨਾਲ ਰੋਜ਼ਾਨਾ ਮੀਟਿੰਗ ਕਰ ਰਹੇ ਹਨ। ਇਸ ਦਾ ਇਕੋ ਮਕਸਦ ਜਾਂਚ ਨੂੰ ਅਕਾਲੀ ਲੀਡਰਸ਼ਿਪ ਖ਼ਿਲਾਫ਼ ਪ੍ਰਭਾਵਿਤ ਕਰਨਾ ਹੈ। ਇੱਥੇ ਉਹ ਅੱਜ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਫ਼ਸਰਾਂ ਨੂੰ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਕੇਸ ’ਚ ਅਕਾਲੀ ਲੀਡਰਸ਼ਿਪ ਨੂੰ ਫਸਾਇਆ ਜਾਵੇ। ਇਸ ਤੋਂ ਇਲਾਵਾ ਬਾਦਲ ਪਰਿਵਾਰ ਖ਼ਿਲਾਫ਼ ਝੂਠੇ ਬਿਆਨ ਦਰਜ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ, ‘‘ਮੇਰੇ ਕੋਲ ਪੱਕੀ ਸੂਚਨਾ ਕਿ ਡੀਜੀਪੀ ਸਹੋਤਾ ਨੂੰ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਦੀ ਪਛਾਣ ਕੀਤੀ ਜਾਵੇ, ਜੋ ਇਸ ਮਾਮਲੇ ਵਿਚ ਅਕਾਲੀ ਲੀਡਰਸ਼ਿਪ ਨੂੰ ਫਸਾ ਸਕਣ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਰਾਹ ’ਤੇ ਤੁਰ ਰਹੇ ਹਨ, ਜਿਸ ਤੋਂ ਲੱਗਦਾ ਹੈ ਕਿ ਸਿੱਖਾਂ ਸੰਗਤ ਨੂੰ ਇਨਸਾਫ਼ ਦੇਣਾ ਉਨ੍ਹਾਂ ਦੀ ਤਰਜੀਹ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ’ਤੇ ਬੇਅਦਬੀ ਜਿਹੇ ਗੰਭੀਰ ਮੁੱਦੇ ’ਤੇ ਸਿਆਸਤ ਕਰਨ ਦੇ ਵੀ ਦੋਸ਼ ਲਾਏ। ਇਸ ਮੌਕੇ ਸ੍ਰੀ ਬਾਦਲ ਨੇ ਵਾਅਦਾ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਸਰਕਾਰ ਬਣਨ ’ਤੇ ਉਨ੍ਹਾਂ ਦਾ ਇਸ ਮਾਮਲੇ ਵਿਚ ਨਿਆਂ ਯਕੀਨੀ ਬਣਾਉਣਾ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਉਹ ਪਹਿਲਾਂ ਇਸ ਮਾਮਲੇ ਵਿੱਚ ਨਿਆਂ ਨਹੀਂ ਦੇ ਸਕੇ।
ਸੁਖਬੀਰ ਬਾਦਲ ਨੇ ਕਿਹਾ, ‘‘ਮੈਂ ਪਹਿਲਾਂ ਵੀ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ ਹੈ ਅਤੇ ਹੁਣ ਵੀ ਮੰਗਾਂਗਾ। ਅਜਿਹਾ ਇਸ ਕਰ ਕੇ ਹੋਇਆ ਕਿਉਂਕਿ ਕਾਂਗਰਸ ਨੇ ਉਨ੍ਹਾਂ ’ਤੇ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਦਬਾਅ ਪਾਇਆ ਸੀ। ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਕੇਸ ਸੀਬੀਆਈ ਤੋਂ ਵਾਪਸ ਲੈ ਲਿਆ, ਜਿਸ ਕਾਰਨ ਇਨਸਾਫ਼ ਮਿਲਣ ਵਿਚ ਬੇਲੋੜੀ ਦੇਰੀ ਹੋ ਗਈ।’’
ਉਨ੍ਹਾਂ ਕਿਹਾ ਕਿ ਹੁਣ ਨਾ ਸਿਰਫ਼ ਅਗਲੀ ਅਕਾਲੀ-ਬਸਪਾ ਸਰਕਾਰ ਦੇ ਰਾਜ ਵਿੱਚ ਮਾਮਲੇ ਦੀ ਜਾਂਚ ਹੋਵੇਗੀ ਬਲਕਿ ਕਸੂਰਵਾਰਾਂ ਨੂੰ ਸਜ਼ਾ ਵੀ ਦਿੱਤੀ ਜਾਵੇਗੀ। ਇਸ ਮੌਕੇ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਤੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਸਾਨੀ, ਉਦਯੋਗ ਅਤੇ ਟਰਾਂਸਪੋਰਟ ਖੇਤਰ ਨੂੰ ਨਜ਼ਰਅੰਦਾਜ਼ ਕੀਤਾ: ਸੁਖਬੀਰ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੈਟਰੋਲ ’ਤੇ ਕੀਤੀ 10 ਰੁਪਏ ਦੀ ਕਟੌਤੀ ਵਾਂਗ ਡੀਜ਼ਲ ’ਤੇ ਸੂਬੇ ਦੇ ਵੈਟ ਘਟਾਉਣ ਤੋਂ ਇਨਕਾਰ ਕਰਕੇ ਕਿਸਾਨਾਂ, ਉਦਯੋਗ ਅਤੇ ਟਰਾਂਸਪੋਰਟ ਖੇਤਰ ਨਾਲ ਜੁੜੇ ਲੋਕਾਂ ਨੂੰ ਸਜ਼ਾ ਨਾ ਦੇਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਉਦਯੋਗਿਕ ਅਤੇ ਟਰਾਂਸਪੋਰਟ ਖੇਤਰ ਨੂੰ ਵੀ ਰਾਹਤ ਦੇਣ ਦੀ ਲੋੜ ਹੈ। ਪਰ ਮੁੱਖ ਮੰਤਰੀ ਨੇ ਸਿਰਫ਼ ਪੈਟਰੋਲ ਦੀ ਕੀਮਤਾਂ ’ਚ 10 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਕੇ ਇਨ੍ਹਾਂ ਵਰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਸ੍ਰੀ ਬਾਦਲ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੀਜ਼ਲ ’ਤੇ ਸੂਬਾ ਦੇ ਵੈਟ ’ਚ ਕਟੌਤੀ ਕਰਕੇ ਲੋਕਾਂ ਨੂੰ ਹੋਰ ਰਾਹਤ ਦੇਣ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਿੱਚ, ਫੇਰ ਗੁਲਾਬੀ ਸੁੰਡੀ ਦਾ ਮੁਆਵਜ਼ਾ ਦੇਣ ਫੇਲ੍ਹ ਸਾਬਤ ਹੋਈ ਹੈ। ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਡੀਏਪੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।