ਹਰਦੀਪ ਸਿੰਘ ਸੋਢੀ
ਧੂਰੀ, 25 ਅਕਤੂਬਰ
ਅੱਜ ਵਿਸ਼ਵਕਰਮਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਥੇ ਵਿਸ਼ਵਕਰਮਾ ਮੰਦਰ ਵਿੱਚ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਮੇਤ ਦੇਸ਼ ਭਰ ਦੇ ਕਿਰਤੀ-ਕਾਮਿਆਂ ਦੀ ਤੰਦਰੁਸਤੀ ਤੇ ਸਲਾਮਤੀ ਦੀ ਕਾਮਨਾ ਕੀਤੀ। ਇਸ ਦੌਰਾਨ ਮੰਦਰ ਕਮੇਟੀ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਲਕਾ ਧੂਰੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜੋ ਮਾਣ-ਸਤਿਕਾਰ ਦਿੱਤਾ ਗਿਆ ਹੈ, ਉਸ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਹਲਕਾ ਧੂਰੀ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਮੁਤਾਬਿਕ ਹਲਕਾ ਧੂਰੀ ਨੂੰ ਨਮੂਨੇ ਦਾ ਹਲਕਾ ਬਣਾਉਣਗੇ। ਸ਼ਹਿਰ ਦੇ ਮੁੱਖ ਫ਼ਾਟਕਾਂ ਦੀ ਸਮੱਸਿਆ ਦੇ ਹੱਲ ਦਾ ਐਲਾਨ ਕਰਦਿਆਂ ਕਿਹਾ ਕਿ ਬਹੁਤ ਹੀ ਜਲਦ ਓਵਰਬ੍ਰਿਜ ਦਾ ਨਿਰਮਾਣ ਕਾਰਜ ਸ਼ੁਰੂ ਹੋਵੇਗਾ ਤੇ ਸ਼ਹਿਰ ਦੇ ਰਜਵਾਹੇ ਨੂੰ ਵੀ ਢਕਣ ਸਬੰਧੀ ਪ੍ਰਾਜੈਕਟ ਤਿਆਰ ਕਰ ਲਿਆ ਗਿਆ ਹੈ। ਸਿਹਤ ਪ੍ਰਬੰਧਾਂ ਦੀ ਗੱਲ ਕਰਦਿਆਂ ਕਿਹਾ ਕਿ ਧੂਰੀ ਦੇ ਸਿਵਲ ਹਸਪਤਾਲ ਦੇ ਨਵੀਨੀਕਰਨ ਦਾ ਕੰਮ ਵੀ ਜਲਦ ਹੀ ਸ਼ੁਰੂ ਹੋਵੇਗਾ ਅਤੇ ਲੋਕਾਂ ਨੂੰ ਇਸ ਹਸਪਤਾਲ ਵਿਚ ਹੀ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਮਲੋਟ ਦੀ ਤਰਜ਼ ’ਤੇ ਜਲਦ ਹੀ ਧੂਰੀ ਵਿਚ ਵੀ ਡਰਾਈਵਿੰਗ ਟ੍ਰੇਨਿੰਗ ਸਕੂਲ ਖੋਲ੍ਹਿਆ ਜਾਵੇਗਾ। ਇਸ ਮੌਕੇ ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਤੋਂ ਇਲਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਆਪ ਆਗੂ ਡਾ.ਅਨਵਰ ਭਸੌੜ, ਐੱਸਐੱਸਚੱਠਾ, ਰਾਜਵੰਤ ਘੁੱਲੀ, ਅਮਰਦੀਪ ਸਿੰਘ ਧਾਂਦਰਾ, ਬਲਵਿੰਦਰ ਸਿੰਘ ਬਿੱਲੂ, ਸਾਬਕਾ ਕੌਂਸਲ ਪ੍ਰਧਾਨ ਸੰਦੀਪ ਤਾਇਲ, ਵਿਕਾਸ ਜੈਨ, ਜੱਸੀ ਸੇਖੋਂ, ਗੁਰਤੇਜ ਸਿੰਘ ਤੇਜੀ ਮਰਾਹੜ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਵਿਸ਼ਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਭਗਵੰਤ ਸਿੰਘ ਤੇ ਤੇਜਿੰਦਰ ਸਿੰਘ ਨੰਨੜੇ ਵੀ ਹਾਜ਼ਰ ਸਨ।