ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਸ਼੍ਰੋਮਣੀ ਅਕਾਲੀ ਦਲ ਨੇ ਸਾਂਝੇ ਸਿਵਲ ਕੋਡ (ਯੂਸੀਸੀ) ਵਰਗੇ ਅਹਿਮ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣਾ ਪੱਖ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਯੂਸੀਸੀ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਹਾਈ ਕਮਾਨ ਨੇ ਪੰਜਾਬ ਇਕਾਈ, ਮੁੱਖ ਮੰਤਰੀ ਤੇ ਸਿੱਖ ਕੌਮ ਨੂੰ ਭਰੋਸੇ ਵਿਚ ਲਏ ਬਗੈਰ ਹੀ ਸਾਰੇ ਦੇਸ਼ ਵਿਚ ਯੂਸੀਸੀ ਲਾਗੂ ਕਰਨ ਦੀ ਹਮਾਇਤ ਕੀਤੀ ਹੈ। ਇਸ ਤੋਂ ਸਪਸ਼ਟ ਹੈ ਕਿ ‘ਆਪ’ ਹਾਈ ਕਮਾਨ ਪੰਜਾਬ ਵਿਚ ਆਪਣੇ ਮੁੱਖ ਮੰਤਰੀ ਤੇ ਧਾਰਮਿਕ ਪ੍ਰਤੀਨਿਧਾਂ ਦੀ ਕਿੰਨੀ ਕਦਰ ਕਰਦੀ ਹੈ ਜਿਨ੍ਹਾਂ ਨਾਲ ਯੂਸੀਸੀ ਦੀ ਖੁੱਲ੍ਹੀ ਹਮਾਇਤ ਕਰਨ ਤੋਂ ਪਹਿਲਾਂ ਕੋਈ ਸਲਾਹ ਮਸ਼ਵਰਾ ਵੀ ਨਹੀਂ ਕੀਤਾ ਗਿਆ। ਡਾ. ਚੀਮਾ ਨੇ ਕਿਹਾ ਕਿ ਜੋ ਦਿਖ ਰਿਹਾ ਹੈ, ਅਸਲੀਅਤ ਉਸ ਤੋਂ ਕਿਤੇ ਦੂਰ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ‘ਆਪ’ ਨੇ ਵੱਖ-ਵੱਖ ਕੇਸਾਂ ਵਿਚ ਫਸੇ ਆਪਣੇ ਸਿਖ਼ਰਲੇ ਆਗੂਆਂ ਦੀ ਰਾਖੀ ਵਾਸਤੇ ਘੱਟ ਗਿਣਤੀਆਂ ਤੇ ਕਬਾਇਲੀਆਂ ਦੇ ਹਿੱਤਾਂ ਦਾ ਸਮਰਪਣ ਕਰਕੇ ਇੱਕ ਤਰ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਇਸ ਮਾਮਲੇ ਵਿਚ ਪਾਰਟੀ ਦੇ ਸਿੱਧੇ ਹੀ ਆਤਮ ਸਮਰਪਣ ਕਰਨ ਦਾ ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਅਕਾਲੀ ਆਗੂ ਨੇ ਕਿਹਾ ਕਿ ‘ਆਪ’ ਸੰਸਦ ਮੈਂਬਰ ਸੰਦੀਪ ਪਾਠਕ ਨੇ ਸੰਵਿਧਾਨ ਦੀ ਧਾਰਾ 44 ਵਿਚ ਯੂਸੀਸੀ ਦੀ ਵਿਵਸਥਾ ਹੋਣ ਦੀ ਗੱਲ ਕਹਿ ਕੇ ਇਸ ਨੂੰ ਜਾਇਜ਼ ਠਹਿਰਾਉਣ ਕੀ ਕੋਸ਼ਿਸ਼ ਕੀਤੀ ਜਦਕਿ ਅਸਲੀਅਤ ਵਿਚ ਇਹ ਸਾਂਝੀ ਸੂਚੀ ਦਾ ਵਿਸ਼ਾ ਹੈ ਅਤੇ ਰਾਜ ਦੇ ਨਿਰਦੇਸ਼ਕ ਸਿਧਾਤਾਂ ‘ਚ ਸ਼ਾਮਲ ਹੈ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਸ ਮਾਮਲੇ ਵਿਚ ‘ਆਪ’ ਦੇ ਦੋਹਰੇ ਚਿਹਰੇ ਦੇ ਮੱਦੇਨਜ਼ਰ ਤੁਰੰਤ ਸਟੈਂਡ ਸਪਸ਼ਟ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਨੰਦ ਮੈਰਿਜ ਐਕਟ ਦਾ ਪ੍ਰਚਾਰ ਕਰ ਰਹੇ ਸਨ ਪਰ ਯੂਸੀਸੀ ਤਾਂ ਆਨੰਦ ਮੈਰਿਜ ਐਕਟ ‘ਤੇ ਵੀ ਭਾਰੂ ਪਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਰਮਾਂ ਤੇ ਕਬੀਲਿਆਂ ਦੇ ਵਿਰਾਸਤ, ਵਿਆਹ ਤੇ ਤਲਾਕ ਦੇ ਕਾਨੂੰਨ ਪ੍ਰਭਾਵਿਤ ਹੋਣਗੇ ਜੋ ਦੇਸ਼ ਹਿੱਤ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਦੀਆਂ ਭਾਵਨਾਵਾਂ ਬਾਰੇ ‘ਆਪ’ ਹਾਈ ਕਮਾਂਡ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।