ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ/ਘਨੌਰ, 7 ਜੁਲਾਈ
ਥਾਣਾ ਖੇੜੀ ਗੰਡਿਆਂ ਦੇ ਪਿੰਡ ਖਡੌਲੀ ਵਾਸੀ ਅੱਠ ਸਾਲਾ ਬੱਚੇ ਹਰਸ਼ਪ੍ਰੀਤ ਸਿੰਘ ਨੂੰ ਅੱਜ ਦੋ ਅਣਪਛਾਤੇ ਵਿਅਕਤੀ ਅਗਵਾ ਕਰਕੇ ਲੈ ਗਏ ਪਰ ਤਿੰਨ ਘੰਟਿਆਂ ਮਗਰੋਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਉਂਜ ਸ਼ਾਮ ਤੱਕ ਅਗਵਾਕਾਰਾਂ ਦਾ ਸੁਰਾਗ ਨਹੀਂ ਸੀ ਲੱਗ ਸਕਿਆ। ਉਧਰ ਚਰਚਾ ਹੈ ਕਿ ਮਾਪਿਆਂ ਨੇ ਤਿੰਨ ਲੱਖ ਫਿਰੌਤੀ ਦੇ ਕੇ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ਼ ਵਿੱਚੋਂ ਛੁਡਵਾਇਆ ਹੈ।
ਜ਼ਿਕਰਯੋਗ ਹੈ ਕਿ ਹਰਸ਼ਪ੍ਰੀਤ ਜਦੋਂ ਗਿਆਰਾਂ ਸਾਲਾਂ ਦੇ ਚਚੇਰੇ ਭਰਾ ਨਾਲ ਸਾਈਕਲ ’ਤੇ ਖਡੌਲੀ ਤੋਂ ਕਿਲੋਮੀਟਰ ਪੈਂਦੇ ਸਕੂਲ ’ਚ ਪੜ੍ਹਨ ਜਾ ਰਿਹਾ ਸੀ, ਤਾਂ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਉਸ ਨੂੰ ਚੁੱਕ ਕੇ ਲੈ ਗਏ। ਉਥੇ ਮੌਜੂਦ ਬੱਚਿਆਂ ਨੇ ਇਸ ਬਾਰੇ ਬੱਚੇ ਦੇ ਘਰ ਦੱਸਿਆ। ਫੇਰ ਅਗਵਾਕਾਰਾਂ ਨੇ ਫੋਨ ਕਰਕੇ ਬੱਚੇ ਦੇ ਪਿਤਾ ਚਰਨਜੀਤ ਸਿੰਘ ਤੋਂ ਫਿਰੌਤੀ ਮੰਗੀ। ਚਰਚਾ ਹੈ ਕਿ ਚਰਨਜੀਤ ਸਿੰਘ ਨੇ ਕਥਿਤ ਤੌਰ ’ਤੇ ਅਗਵਾਕਾਰਾਂ ਨੂੰ ਤਿੰਨ ਲੱਖ ਰੁਪਏ ਪੁਲੀਸ ਦੀ ਸਹਿਮਤੀ ਨਾਲ ਦਿੱਤੇ। ਅਗਵਾਕਾਰਾਂ ਨੇ ਪੁਲੀਸ ਨੂੰ ਦੱਸਣ ’ਤੇ ਬੱਚੇ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਕਰਕੇ ਪੁਲੀਸ ਦੂਰੋਂ ਨਿਗਾਹ ਰੱਖਦੀ ਰਹੀ। ਸੂਤਰਾਂ ਅਨੁਸਾਰ ਅਗਵਾਕਾਰਾਂ ਨੇ ਬੱਚੇ ਦੇ ਪਿਤਾ ਨੂੰ ਬਸੰਤਪੁਰਾ ਕੋਲ ਬੁਲਾਇਆ ਤੇ ਫੋਨ ਚੱਲਦਾ ਰੱਖਣ ਲਈ ਕਿਹਾ। ਇਸ ਦੌਰਾਨ ਅਗਵਾਕਾਰਾਂ ਨੇ ਪੈਸੇ ਖਤਾਨਾਂ ਵਿਚ ਸੁੱਟ ਕੇ ਰਾਜਪੁਰਾ ਵਿਚਲੇ ਸਿੰਘ ਸਭਾ ਗੁਰਦੁਆਰੇ ਵਿੱਚੋਂ ਬੱਚਾ ਲੈਣ ਲਈ ਆਖਿਆ। ਅਗਵਾਕਾਰ ਪੈਸੇ ਚੁੱਕ ਕੇ ਫ਼ਰਾਰ ਹੋ ਗਏ ਪਰ ਗੁਰਦੁਆਰੇ ਵਿੱਚ ਬੱਚਾ ਨਾ ਮਿਲਿਆ। ਇਸ ਦੌਰਾਨ ਹੀ ਅਗਵਾਕਾਰਾਂ ਨੇ ਫੋਨ ਕਰਕੇ ਦੱਸਿਆ ਕਿ ਜਿੱਥੇ ਪੈਸੇ ਦਿੱਤੇ ਸਨ, ਉਥੇ ਨੇੜੇ ਹੀ ਸਫ਼ੈਦਿਆਂ ਵਾਲੇ ਖੇਤ ਦੇ ਵਿਚਕਾਰ ਸਥਿਤ ਕੋਠੇ ਵਿੱਚ ਬੱਚਾ ਹੈ। ਉਥੋਂ ਬੱਚਾ ਮਿਲ ਗਿਆ। ਇਸ ਦੌਰਾਨ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਵੀ ਨਾਲ ਸਨ। ਐੱਸਐੱਸਪੀ ਦੀਪਕ ਪਾਰਿਕ ਨੇ ਦਾਅਵਾ ਕੀਤਾ ਹੈ ਕਿ ਪੁਲੀਸ ਵੱਲੋਂ ਉਲੀਕੀ ਯੋਜਨਾ ਅਤੇ ਯਤਨਾਂ ਤਹਿਤ ਹੀ ਬੱਚਾ ਸਹੀ ਸਲਾਮਤ ਪਰਿਵਾਰ ਕੋਲ਼ ਪੁੱਜ ਸਕਿਆ ਹੈ। ਉਨ੍ਹਾਂ ਕਿਹਾ ਕਿ ਅਗਵਾਕਾਰ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਇੰਸਪੈਕਟਰ ਕਿਰਪਾਲ ਸਿੰਘ ਦਾ ਕਹਿਣਾ ਸੀ ਕਿ ਅਣਪਛਾਤੇ ਅਗਵਾਕਾਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ਼ ਜਾਰੀ ਹੈ।