ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਗਸਤ
ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਇਕ ਛੇ ਸਾਲਾ ਬੱਚਾ ਅਗਵਾ ਕਰਨ ਵਾਲਾ ਵਿਅਕਤੀ ਪੁਲੀਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੀ ਮਦਦ ਨਾਲ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਇਰਫ਼ਾਨ ਵਾਸੀ ਮੇਰਠ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ, ਜੋ ਇੱਥੇ ਬਟਾਲਾ ਰੋਡ ਉਪਰ ਫੁੱਟਪਾਥ ’ਤੇ ਰਹਿ ਰਿਹਾ ਸੀ। ਪੁਲੀਸ ਨੇ ਉਕਤ ਵਿਅਕਤੀ ਖ਼ਿਲਾਫ਼ ਥਾਣਾ-ਈ ਡਿਵੀਜ਼ਨ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਬਲਜੀਤ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਉਸ ਨੇ ਕਿਹਾ ਸੀ ਕਿ ਉਹ 22 ਅਗਸਤ ਨੂੰ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਦਰਬਾਰ ਸਾਹਿਬ ਆਈ ਸੀ ਅਤੇ ਰਾਤ ਨੂੰ ਇੱਥੇ ਕੰਪਲੈਕਸ ਵਿੱਚ ਬਣੇ ਪ੍ਰਵੇਸ਼ ਦੁਆਰ ਪਲਾਜ਼ਾ ਵਿਚ ਸੌਂ ਗਏ। ਤੜਕੇ ਲਗਪਗ ਤਿੰਨ ਵਜੇ ਉਸ ਦੀ ਜਾਗ ਖੁੱਲ੍ਹੀ ਤਾਂ ਉਸ ਦਾ ਪੁੱਤਰ ਗਾਇਬ ਸੀ।