ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਤਰਨ ਤਾਰਨ, 24 ਨਵੰਬਰ
ਪੰਜਾਬ ਪੁਲੀਸ ਦੇ ‘ਸਟੇਟ ਸਪੈਸ਼ਲ ਅਪਰੇਸ਼ਨ ਸੈੱਲ’ ਦੀ ਟੀਮ ਨੇ ਰਣਜੀਤ ਸਿੰਘ ਵਾਸੀ ਪਿੰਡ ਸੋਹਲ (ਤਰਨ ਤਾਰਨ) ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚੀਨ ਦੇ ਬਣੇ ਦੋ ਪੀ-86 ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਤੇ ਉਨ੍ਹਾਂ ਦੇ ਕਾਰਤੂਸਾਂ ਸਮੇਤ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮ ਦੇ ਵਿਦੇਸ਼ ਬੈਠੇ ਅਤਿਵਾਦੀਆਂ ਨਾਲ ਸਬੰਧ ਦੱਸੇ ਜਾ ਰਹੇ ਹਨ। ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐੱਸਐੱਸਓਸੀ ਦੀ ਪੁਲੀਸ ਨੇ ਅਗਾਉਂ ਸੂਚਨਾ ਦੇ ਅਧਾਰ ’ਤੇ ਅੰਮ੍ਰਿਤਸਰ ਖੇਤਰ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਪਹਿਲਾਂ ਵਿਰਾਸਤੀ ਮਾਰਗ ਵਿਚ ਭੰਗੜਾ ਤੇ ਗਿੱਧਾ ਪਾਉਂਦੇ ਬੁੱਤਾਂ ਨੂੰ ਤੋੜਨ ਦੇ ਮਾਮਲੇ ਵਿੱਚ ਜਨਵਰੀ 2020 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਇਸ ਵੇਲੇ ਜ਼ਮਾਨਤ ’ਤੇ ਬਾਹਰ ਆਇਆ ਹੈ। ਇਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ਾਂ ਵਿੱਚ ਬੈਠੇ ਗਰਮਖਿਆਲੀ ਤੇ ਅਤਿਵਾਦੀਆਂ ਦੇ ਸੰਪਰਕ ਵਿਚ ਸੀ।