ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਸੀਨੀਅਰ ਆਗੂ ਚੌਧਰੀ ਨੇਮ ਚੰਦ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਪੀਐੱਸਟੀਸੀਐੱਲ) ਅਤੇ ਜਸਬੀਰ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐੱਸਪੀਸੀਐੱਲ) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਵੱਲੋਂ ਦੋਵੇਂ ਡਾਇਰੈਕਟਰਜ਼ ਦੀ ਨਿਯੁਕਤੀ ਦੋ-ਦੋ ਸਾਲ ਲਈ ਕੀਤੀ ਗਈ ਹੈ। ਇਹ ਅਹੁਦੇ ਲੰਬੇ ਸਮੇਂ ਖਾਲੀ ਪਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਚੌਧਰੀ ਨੇਮ ਚੰਦ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ਨਾਲ ਸਬੰਧਤ ਹਨ ਜਦਕਿ ਪੀਐੱਸਪੀਸੀਐੱਲ ਦੇ ਨਵੇਂ ਡਾਇਰੈਕਟਰ ਜਸਬੀਰ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਹਨ। ਭਗਵੰਤ ਮਾਨ ਨੇ ਦੋਵੇਂ ਆਗੂਆਂ ਨੂੰ ਨਵੀਆਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ ਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤ ‘ਚ ਕੰਮ ਕਰਨ ਲਈ ਪ੍ਰੇਰਿਆ।