ਡਾ. ਪਿਆਰੇ ਲਾਲ ਗਰਗ
ਸੰਸਾਰ ਭਰ ਵਿਚ ਫੈਲੇ ਕਰੋਨਾਵਾਇਰਸ ਤੋਂ ਬਚਾਅ ਵਾਸਤੇ ਮਾਹਿਰਾਂ ਵੱਲੋਂ ਮਾਸਕ ਪਹਿਨਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਸਾਡੇ ਮੁਲਕ ਦੀ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਹਤ ਵਿਭਾਗ ਲੋਕਾਂ ਨੂੰ ਮਾਸਕ ਪਹਿਨਣ ਦੀ ਮਹੱਤਤਾ, ਮਾਸਕ ਕਦੋਂ ਪਹਿਨਣਾ ਚਾਹੀਦਾ ਹੈ ਆਦਿ ਬਾਰੇ ਸਹੀ ਜਾਣਕਾਰੀ ਮੁਹੱਈਆ ਨਹੀਂ ਕਰਵਾ ਸਕੇ ਅਤੇ ਨਾ ਹੀ ਇਸ ਸਬੰਧੀ ਸਹੀ ਨੀਤੀ ਅਪਣਾਈ ਗਈ।
ਸਰਕਾਰੀ ਇਸ ਗੱਲ ’ਤੇ ਜ਼ੋਰ ਦਿੰਦੀ ਰਹੀ ਕਿ ਆਪਣੀ ਗੱਡੀ, ਸਕੂਟਰ, ਮੋਟਰਸਾਈਕਲ ਆਦਿ ’ਤੇ ਜਾ ਰਿਹਾ ਇਕੱਲਾ ਵਿਅਕਤੀ ਵੀ ਮਾਸਕ ਪਹਿਨੇ, ਜੋ ਕਿ ਗ਼ਲਤ ਹੈ ਕਿਉਂਕਿ ਇਕੱਲਾ ਵਿਅਕਤੀ ਭਾਵੇਂ ਦੋ, ਤਿੰਨ ਜਾਂ ਚਾਰ ਪਹੀਆ ਵਾਹਨ ਉੱਪਰ ਹੋਵੇ, ਸੰਕ੍ਰਮਣ ਨਹੀਂ ਫੈਲਾ ਸਕਦਾ ਕਿਉਂਕਿ ਉਹ ਕਿਸੇ ਹੋਰ ਦੇ ਐਨ ਸਾਹਮਣੇ ਸੰਪਰਕ ’ਚ ਨਹੀਂ ਆਉਂਦਾ। ਕਾਰ ਆਦਿ ’ਚ ਸਵਾਰ ਇਕੱਲੇ ਵਿਅਕਤੀ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਪਰ ਸਰਕਾਰ ਮਾਸਕ ਨਾ ਪਹਿਨਣ ਦਾ ਚਲਾਨ ਕੱਟ ਕੇ ਜੁਰਮਾਨੇ ਕਰਦੀ ਰਹੀ। ਦੂਜੇ ਪਾਸੇ ਸਰਕਾਰ ਦੀਆਂ ਆਪਣੀਆਂ ਅਣਗਹਿਲੀਆਂ ਦੀ ਕੋਈ ਸਜ਼ਾ ਨਹੀਂ।
ਅਸਲ ਵਿਚ ਧਿਆਨ ਰੱਖਣ ਯੋਗ ਗੱਲਾਂ ਇਹ ਹਨ ਕਿ ਜੇ ਤੁਸੀਂ ਵੱਧ ਸਵਾਰੀਆਂ ਵਾਲੇ ਵਾਹਨ ਵਿਚ ਬੈਠਦੇ ਹੋ ਤਾਂ ਸਾਰਿਆਂ ਵਾਸਤੇ ਸਮੇਤ ਚਾਲਕ ਦੇ ਮਾਸਕ ਪਹਿਨਣਾ ਜ਼ਰੂਰੀ ਹੈ। ਜੇ ਬੱਸ, ਹਵਾਈ ਜਹਾਜ਼, ਸਮੁੰਦਰੀ ਬੇੜੇ, ਟੈਕਸੀ, ਆਟੋਜ਼ ਆਦਿ ਵਿਚ ਬੈਠੀਆਂ ਸਵਾਰੀਆਂ ਵਿਚੋਂ ਕਿਸੇ ਨੇ ਮਾਸਕ ਨਾ ਪਹਿਨਿਆ ਹੋਵੇ ਤਾਂ ਸਵਾਰੀਆਂ ਦੇ ਕਰੋਨਾ ਸੰਕ੍ਰਮਿਤ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਕਿਉਂਕਿ ਜੇ ਕੋਈ ਇਕ ਵੀ ਸੰਕ੍ਰਮਿਤ ਹੋਇਆ ਤਾਂ ਉਸ ਤੋਂ ਵਾਇਰਸ ਫੈਲ ਸਕਦਾ ਹੈ।
ਇਸੇ ਤਰ੍ਹਾਂ ਬਾਹਰ ਜੇ ਕਿਤੇ ਬਹੁਤ ਸਾਰੇ ਲੋਕ ਇਕੱਠੇ ਨਹੀਂ ਹਨ, ਸੜਕ ਉੱਪਰ ਜਾਂ ਪਾਰਕ ਵਿਚ ਕੋਈ ਨਾਲ ਨਹੀਂ ਹੈ, ਕੋਈ ਸਾਹਮਣਿਓਂ ਨਹੀਂ ਆ ਰਿਹਾ ਤਾਂ ਮਾਸਕ ਮੂੰਹ ਤੋਂ ਹੇਠਾਂ ਖਿਸਕਾਇਆ ਜਾ ਸਕਦਾ ਹੈ। ਘਰ ਵਿਚ ਜੇ ਕੋਈ ਸੰਕ੍ਰਮਿਤ ਨਹੀਂ ਤਾਂ ਮਾਸਕ ਪਹਿਨਣ ਦੀ ਕੋਈ ਲੋੜ ਨਹੀਂ। ਗੱਡੀ ਵਿਚ ਜੇ ਇੱਕੋ ਪਰਿਵਾਰ ਦੇ ਜੀਅ ਹਨ ਤਾਂ ਉਨ੍ਹਾਂ ਲਈ ਗੱਡੀ ਦੇ ਅੰਦਰ ਰਹਿੰਦੇ ਹੋਏ ਮਾਸਕ ਪਹਿਨਣ ਦੀ ਡਾਕਟਰੀ ਤੌਰ ’ਤੇ ਲੋੜ ਨਹੀਂ ਹੁੰਦੀ, ਪਰ ਬਾਹਰ ਨਿੱਕਲਣ ਤੋਂ ਪਹਿਲਾਂ ਮਾਸਕ ਪਹਿਨਣਾ ਜ਼ਰੂਰੀ ਹੈ। ਹਰ ਜਨਤਕ ਥਾਂ ਉੱਪਰ ਜਿੱਥੇ ਹੋਰ ਲੋਕ ਮੌਜੂਦ ਹਨ, ਮਾਸਕ ਪਹਿਨਣਾ ਜ਼ਰੂਰੀ ਹੈ।
ਸੰਪਰਕ: 99145-05009