ਰਾਜਿੰਦਰ ਕੁਮਾਰ
ਬੱਲੂਆਣਾ/ਅਬੋਹਰ, 25 ਜੂਨ
ਅਬੋਹਰ ਦੇ ਸੀਤੋ ਰੋਡ ’ਤੇ ਬੀਤੀ ਰਾਤ ਪੰਜਾਬ ਪੁਲੀਸ ਦੇ ਖੁਫੀਆ ਵਿਭਾਗ ਦੇ ਇੱਕ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਥਾਣਾ ਸਿਟੀ ਅਬੋਹਰ ਦੀ ਪੁਲੀਸ ਨੇ ਚਾਰ ਅਣਪਛਾਤਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਅਬੋਹਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੀ ਡਿਊਟੀ ਖੁਫੀਆ ਵਿਭਾਗ ਦੇ ਫ਼ਾਜ਼ਿਲਕਾ ਜ਼ਿਲ੍ਹਾ ਹੈੱਡਕੁਆਰਟਰ ’ਤੇ ਸੀ। ਬੀਤੀ ਰਾਤ ਉਹ ਘਰੋਂ ਖਾਣਾ ਖਾ ਕੇ ਗਲੀ ਵਿੱਚ ਸੈਰ ਕਰਨ ਲਈ ਨਿਕਲਿਆ ਤਾਂ ਇਸੇ ਦੌਰਾਨ ਕਾਰ ਵਿਚ ਸਵਾਰ ਚਾਰ ਅਣਪਛਾਤੇ ਨੌਜਵਾਨ ਆਏ ਤੇ ਉਨ੍ਹਾਂ ਨੇ ਉਸ ’ਤੇ ਗੋਲੀ ਚਲਾ ਦਿੱਤੀ। ਗੁਰਵਿੰਦਰ ਸਿੰਘ ਦੇ ਸਿਰ ’ਚ ਦੋ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਉਸ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਦਿਆਲ ਸਿੰਘ ਮਾਨ, ਫਾਜ਼ਿਲਕਾ ਦੇ ਐੱਸਐੱਸਪੀ ਹਰਜੀਤ ਸਿੰਘ ਸਣੇ ਉੱਚ ਪੁਲੀਸ ਅਫ਼ਸਰਾਂ ਨੇ ਅਬੋਹਰ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸਥਾਨਕ ਅਫ਼ਸਰਾਂ ਨਾਲ ਮੀਟਿੰਗਾਂ ਕਰਕੇ ਮਾਮਲੇ ਦੀ ਪੜਤਾਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਹਤਿਆਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।