ਸੰਜੀਵ ਤੇਜਪਾਲ
ਮੋਰਿੰਡਾ, 25 ਫਰਵਰੀ
ਯੂਕਰੇਨ ਵਿਚ ਪੜ੍ਹਾਈ ਕਰਨ ਗਈ ਇੱਥੋਂ ਦੀ ਅਲਕਾ ਰਾਣੀ ਅੱਜ ਸੁਰੱਖਿਅਤ ਘਰ ਪਰਤ ਆਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਕਾ ਨੇ ਕਿਹਾ ਕਿ ਯੂਕਰੇਨ ਵਿਚ ਲਗਪਗ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜੋ ਬੇਸਮੈਂਟਾਂ ਅੰਦਰ ਅਤੇ ਹਵਾਈ ਅੱਡਿਆਂ ’ਤੇ ਰਹਿਣ ਲਈ ਮਜਬੂਰ ਹਨ। ਜਿਸ ਕਿਸੇ ਨੂੰ ਵੀ ਭਾਰਤ ਆਉਣ ਦਾ ਮੌਕਾ ਮਿਲ ਰਿਹਾ ਹੈ, ਉਹ ਆ ਰਿਹਾ ਹੈ। ਉਸ ਨੇ ਕਿਹਾ ਕਿ ਉਹ ਬਹੁਤ ਮਹਿੰਗੀ ਟਿਕਟ ਖਰੀਦ ਕੇ ਘਰ ਆਈ ਹੈ। ਯੂਕਰੇਨ ਦੇ ਹਾਲਾਤ ਬਹੁਤ ਭਿਆਨਕ ਬਣੇ ਹੋਏ ਹਨ। ਅਲਕਾ ਦੇ ਪਿਤਾ ਮੁਨੀਸ਼ ਕੁਮਾਰ ਨੇ ਕਿਹਾ ਕਿ ਉਹ ਬੇਟੀ ਦੇ ਘਰ ਪਰਤਣ ’ਤੇ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ।
ਇਸੇ ਤਰ੍ਹਾਂ ਐੱਮਬੀਬੀਐੱਸ ਕਰਨ ਯੂਕਰੇਨ ਗਿਆ ਇੱਥੋਂ ਦਾ ਮੁਕੇਸ਼ ਕੁਮਾਰ ਉੱਥੇ ਹੀ ਫਸਿਆ ਹੋਇਆ ਹੈ। ਵੀਡੀਓ ਕਾਲ ਰਾਹੀਂ ਉਸ ਨੇ ਦੱਸਿਆ ਕਿ ਇੱਥੇ ਹਾਲਾਤ ਬਹੁਤ ਤਣਾਅਪੂਰਨ ਬਣੇ ਹੋਏ ਹਨ। ਉਨ੍ਹਾਂ ਕੋਲ ਖਾਣ-ਪੀਣ ਲਈ ਵੀ ਪੂਰੇ ਪ੍ਰਬੰਧ ਨਹੀਂ ਹਨ। ਪੀਣ ਵਾਲੇ ਪਾਣੀ ਦੀ ਵੀ ਦਿੱਕਤ ਆ ਰਹੀ ਹੈ। ਰੂਸੀ ਫ਼ੌਜ ਨੇ ਏਅਰਪੋਰਟਸ ’ਤੇ ਰਨਵੇਅ ਪੁੱਟ ਦਿੱਤੇ ਹਨ, ਜਿਸ ਕਾਰਨ ਹਵਾਈ ਜਹਾਜ਼ਾ ਨਹੀਂ ਚੱਲ ਸਕਦੇ। ਯੂਕਰੇਨ ਸਰਕਾਰ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਰਹੀ। ਉਸ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਯੂਕਰੇਨ ਤੋਂ ਬਾਹਰ ਕੱਢਣ ਦਾ ਉਪਰਾਲਾ ਕਰੇ।