ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਅਕਤੂਬਰ
ਮੁਹਾਲੀ ਕੌਮਾਂਤਰੀ ਏਅਰਪੋਰਟ ਚੌਕ ਨੇੜੇ ਉਸਾਰੀ ਅਧੀਨ ਮੁਹਾਲੀ ਸਿਟੀ ਸੈਂਟਰ ਪ੍ਰਾਜੈਕਟ ਤਹਿਤ ਬੇਸਮੈਂਟ ਪੁੱਟਦੇ ਸਮੇਂ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਕਾਰਨ ਦੋ ਮਜ਼ਦੂਰ ਮਰ ਗਏ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਜ ਮਿਸਤਰੀ ਜੈ ਨਾਥ ਦੇ ਬਿਆਨਾਂ ਦੇ ਆਧਾਰ ’ਤੇ ਸੂਰੀਆ ਕਾਊਨ ਕੰਪਨੀ ਦੇ ਮਾਲਕ ਹਰਪਾਲ ਸਿੰਘ, ਪ੍ਰਾਜੈਕਟ ਮੈਨੇਜਰ ਅਜੈ ਕੁਮਾਰ ਸਣੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ੇਰੇ ਇਲਾਜ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ। ਫ਼ਿਲਹਾਲ ਜ਼ਖ਼ਮੀ ਬਿਆਨ ਦੇਣ ਦੇ ਯੋਗ ਨਹੀਂ ਹਨ। ਉਧਰ, ਮ੍ਰਿਤਕ ਮਜ਼ਦੂਰਾਂ ਦਾ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਨਹੀਂ ਹੋ ਸਕਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਰਹਿੰਦੇ ਮਜ਼ਦੂਰਾਂ ਦੇ ਵਾਰਸਾਂ ਨੂੰ ਇਤਲਾਹ ਭੇਜ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਕੀਤਾ ਜਾਵੇਗਾ।