ਅਜੇ ਮਲਹੋਤਰਾ
ਬਸੀ ਪਠਾਣਾਂ, 20 ਜਨਵਰੀ
ਨਗਰ ਕੌਂਸਲ ਦੀਆਂ ਚੋਣਾਂ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਸੰਭਾਵਿਤ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਉਮੀਦਵਾਰਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬਸੀ ਪਠਾਣਾਂ ਨਗਰ ਕੌਂਸਲ ‘ਚ 15 ਵਾਰਡ ਹਨ ਤੇ ਜ਼ਿਆਦਾਤਾਰ ਉਮੀਦਵਾਰ ਆਜ਼ਾਦ ਚੋਣ ਲੜਣ ਦੇ ਇੱਛੁਕ ਹਨ । ਪਿਛਲੀ ਵਾਰ ਵੀ ਵਧੇਰੇ ਆਜ਼ਾਦ ਉਮੀਦਵਾਰ ਜਿੱਤੇ ਸਨ। ਪਿਛਲੀਆਂ ਚੋਣਾਂ ਦੌਰਾਨ ਵਾਰਡ ਨੰਬਰ -1 ਤੋਂ ਭਾਜਪਾ ਦੀ ਸੰਗੀਤਾ ਮਲਹੋਤਰਾ ਚੋਣ ਜਿੱਤਣ ਵਿੱਚ ਕਾਮਯਾਬ ਰਹੀ ਸੀ ਪਰ ਇਸ ਵਾਰ ਸਰਕਾਰੀ ਅਧਿਕਾਰੀ ਦੀ ਪਤਨੀ ਨੂੰ ਮਜ਼ਬੂਤ ਦਾਅਵੇਦਾਰ ਕਿਹਾ ਜਾ ਹਿਰਾ ਹੈ। ਵਾਰਡ ਨੰਬਰ 2 ਤੋਂ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਪਰਵਿੰਦਰ ਸਿੰਘ ਸੱਲ੍ਹ ਸਫਲ ਰਹੇ ਸੀ ਪਰ ਇਸ ਵਾਰ ਅਕਾਲੀ ਦਲ ਦੇ ਮਲਕੀਤ ਸੰਘ ਮਠਾੜੂ ਨਾਲ ਫਸਵਾਂ ਮੁਕਬਲਾ ਹੋਣ ਦੀ ਸੰਭਾਵਣਾ ਹੈ। ਵਾਰਡ ਨੰਬਰ-3 ਤੋਂ ਜਰਨੈਲ ਸਿੰਘ ਨਾਅਰਾ ਕਾਂਗਰਸ ਦੇ ਜੇਤੂ ਉਮੀਦਵਾਰ ਰਹੇ ਸਨ ਅਤੇ ਇਸ ਵਾਰ ਵਾਰਡ ਔਰਤਾਂ ਲਈ ਸੁਰੱਖਿਅਤ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹਨ। ਵਾਰਡ ਨੰਬਰ 4 ਤੋਂ ਰਜਨੀ ਬਾਲਾ ਸਫਲ ਰਹੀ ਸੀ ਅਤੇ ਇਸ ਵਾਰ ਰਜਨੀ ਵਾਲਾ ਦਾ ਮੁਕਾਬਲਾ ਅਜੇ ਗੁਪਤਾ ਨਾਲ ਹੋਣ ਦੀ ਸੰਭਾਵਨਾ ਜਾਪਦੀ ਹੈ। ਵਾਰਡ ਨੰਬਰ 5, 6, ਅਤੇ 7 ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬਿੱਟੂ, ਰਮੇਸ਼ ਚੰਦ ਗੁਪਤਾ ਅਤੇ ਜੋਤੀ ਮਲਹੋਤਰਾ ਕੌਂਸਲ ਦੀ ਚੋਣ ਜਿੱਤੇ ਸਨ। ਇਸੇ ਤਰ੍ਹਾਂ ਵਾਰਡ ਨੰਬਰ 8 ਤੋਂ ਸਰਬਸੰਮਤੀ ਨਾਲ ਕੌਂਸਲਰ ਬਣੀ ਕਾਂਗਰਸ ਦੀ ਰੇਣੂ ਸ਼ਰਮਾ ਇਸ ਵਾਰ ਦੁਬਾਰਾ ਤੋਂ ਚੋਣ ਲੜ ਰਹੀ ਹੈ। ਵਾਰਡ ਨੰਬਰ 9 ਤੋਂ ਮੋਹਨ ਲਾਲ ਸੱਪਲ ਇਸ ਵਾਰ ਵਾਰਡ ਨੰਬਰ- 13 ਤੋਂ ਬਤੌਰ ਆਜ਼ਾਦ ਉਮੀਦਵਾਰ ਹਨ। ਵਾਰਡ ਨੰਬਰ 10 ਤੋਂ ਚੋਣ ਜਿੱਤੀ ਜਸਵਿੰਦਰ ਕੌਰ ਦੀ ਥਾਂ ’ਤੇ ਇਸ ਵਾਰ ਉਸ ਦੇ ਰਿਸ਼ਤੇਦਾਰ ਉਮੀਦਵਾਰ ਹੋ ਸਕਦੇ ਹਨ। ਇਸ ਵਾਰਡ ਤੋਂ ਬਤੌਰ ਅਜਾਦ ਉਮੀਦਵਾਰ ਚੋਣ ਮੈਦਾਨ ਵਿੱਚ ਪੂਜਾ ਮਹੰਤ ਦੇ ਸ਼ਗਿਰਦ ਮੋਨੂੰ ਲਾਲ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਵਾਰਡ ਨੰਬਰ 11 ਤੋਂ ਚੁਣੇ ਕਾਂਗਰਸ ਦੇ ਉਮੀਦਵਾਰ ਅਨੂਪ ਸਿੰਗਲਾ ਇਸ ਵਾਰ ਚੋਣ ਨਹੀ ਲੜ ਰਹੇ। ਇੱਥੇ ਹਰਭਜਨ ਸਿੰਘ ਨਾਮਧਾਰੀ ਨੂੰ ਕਾਂਗਰਸ ਦੀ ਟਿਕਟ ’ਤੇ ਅਨੂਪ ਸਿੰਗਲਾ ਵੱਲੋਂ ਹੀ ਉਤਾਰਿਆ ਗਿਆ ਹੈ। ਵਾਰਡ ਨੰਬਰ 12 ਤੋਂ ਭਾਜਪਾ ਦੀ ਰੀਨਾ ਕੁਮਾਰੀ ਜੇਤੂ ਰਹੀ ਸੀ ਇਸ ਵਾਰ ਉਹ ਚੋਣ ਨਹੀਂ ਲੜ ਰਹੀ। ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀਆਰ ਲਈ ਇਸ ਵਾਰ ਮੁਕਾਬਲਾ ਸਖ਼ਤ ਹੈ। ਇਸੇ ਤਰ੍ਹਾਂ ਵਾਰਡ ਨੰਬਰ 14 ਅਤੇ 15 ਦੇ ਮੁਕਾਬਲੇ ਵੀ ਦਿਲਚਸਪ ਰਹਿਣ ਦੀ ਉਮੀਦ ਹੈ।
ਰਾਜਸੀ ਨੇਤਾ ਵੀ ਟਟੋਲਣ ਲੱਗੇ ਵੋਟਰਾਂ ਦੀ ਨਬਜ਼
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਨਗਰ ਕੌਂਸਲ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ ਅਤੇ ਮੰਡੀ ਗੋਬਿੰਦਗੜ੍ਹ ਭਾਵੇਂ ਕਿਸਾਨ ਅੰਦੋਲਨ ਕਾਰਨ ਭਾਜਪਾ ਦੀਆਂ ਸਰਗਰਮੀਆਂ ਖੁੱਲ੍ਹ ਕੇ ਜ਼ਿਆਦਾਤਰ ਸਾਹਮਣੇ ਨਹੀਂ ਆ ਰਹੀਆਂ ਪ੍ਰੰਤੂ ਉਨ੍ਹਾਂ ਵੱਲੋਂ ਵੀ ਅੰਦਰੂਨੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਾਰੀਆਂ ਥਾਵਾਂ ਉੱਪਰ ਪਾਰਟੀ ਨਿਸ਼ਾਨ ’ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਪੰਜਾਬ ਦੀ ਸਭ ਤੋਂ ਵੱਧ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਹੋਟਲਾਂ ਅਤੇ ਉਮੀਦਵਾਰਾਂ ਦੇ ਘਰਾਂ ਉੱਪਰ ਸ਼ਾਮ ਨੂੰ ਰੰਗੀਨ ਮਹਿਫ਼ਿਲਾਂ ਦੇਖਣ ਨੂੰ ਮਿਲ ਰਹੀਆਂ ਹਨ। ਕਾਂਗਰਸ ਦੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ, ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਬਸੀ ਪਠਾਣਾ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਕੌਂਸਲ ਚੋਣਾਂ ਵਿਚ ਹੂੰਝਾਫੇਰ ਜਿੱਤ ਹਾਸਲ ਕਰੇਗੀ। ਇਸੇ ਤਰ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਫ਼ਤਹਿਗੜ੍ਹ ਸਾਹਿਬ ਹਲਕੇ ਦੇ ਸੇਵਾਦਾਰ ਦੀਦਾਰ ਸਿੰਘ ਭੱਟੀ, ਬਸੀ ਪਠਾਣਾਂ ਹਲਕੇ ਦੇ ਸੇਵਾਦਾਰ ਦਰਬਾਰਾ ਸਿੰਘ ਗੁਰੂ ਅਤੇ ਜ਼ਿਲ੍ਹਾ ਜਥੇਦਾਰ ਜਗਦੀਪ ਸਿੰਘ ਚੀਮਾ ਵੱਲੋਂ ਵੱਖ-ਵੱਖ ਵਾਰਡਾ ਵਿਚ ਉਮੀਦਵਾਰ ਖੜ੍ਹੇ ਕਰਨ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬਲਾੜਾ, ਸੀਨੀਅਰ ਆਗੂ ਐਡਵੋਕੇਟ ਗੁਰਿੰਦਰ ਸਿੰਘ ਹਰੀਪੁਰ ਅਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ ਬਾਵਾ ਨੇ ਦੱਸਿਆ ਕਿ ਸਾਰੇ ਵਾਰਡਾਂ ਵਿਚ ਪਾਰਟੀ ਨਿਸ਼ਾਨ ’ਤੇ ਉਮੀਦਵਾਰਾਂ ਨੂੰ ਚੋਣ ਲੜਾਇਆ ਜਾ ਰਿਹਾ ਹੈ।