* ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ’ਚ ਵੀ ਪੋਲਿੰਗ ਦੌਰਾਨ ਹੰਗਾਮਾ
* ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਪੋਲਿੰਗ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹੀ
ਚਰਨਜੀਤ ਭੁੱਲਰ
ਚੰਡੀਗੜ੍ਹ, 14 ਫਰਵਰੀ
ਪੰਜਾਬ ਵਿੱਚ ਅੱਜ ਨਗਰ ਨਿਗਮ ਤੇ ਨਗਰ ਕੌਂਸਲਾਂ ਲਈ ਹੋਏ ਭਰਵੇਂ ਮੱਤਦਾਨ ਦੌਰਾਨ ਹਿੰਸਾ ਦਾ ਪ੍ਰਛਾਵਾਂ ਰਿਹਾ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਤੇ ਅੱਠ ਨਗਰ ਨਿਗਮਾਂ ’ਚ ਲਈ 71.39 ਫੀਸਦ ਮਤਦਾਨ ਹੋਇਆ। ਪੰਜਾਬ ਦੇ 2302 ਸ਼ਹਿਰੀ ਵਾਰਡਾਂ ਲਈ ਚੋਣ ਲੜ ਰਹੇ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਹੈ। ਚੋਣ ਨਤੀਜੇ ਹੁਣ 17 ਫਰਵਰੀ ਨੂੰ ਐਲਾਨੇ ਜਾਣਗੇ। ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੋਈ ਇਸ ਚੋਣ ਲਈ ਸਾਰੀਆਂ ਸਿਆਸੀ ਧਿਰਾਂ ਨੇ ਅੱਜ ਅੱਡੀ ਚੋਟੀ ਦਾ ਜ਼ੋਰ ਲਾਇਆ।
ਕਾਲੇ ਖੇਤੀ ਕਾਨੂੰਨਾਂ ਖਿਲਾਫ ਰੋਹ ਦੀ ਲਹਿਰ ਅੱਜ ਚੋਣਾਂ ਦੌਰਾਨ ਵੀ ਵੇਖਣ ਨੂੰ ਮਿਲੀ ਜਦੋਂ ਕਿ ਵੋਟਰ ਕਰੋਨਾ ਤੋਂ ਭੈਅ ਮੁਕਤ ਦਿਖੇ। ਅੱਜ ਧੁੰਦ ਪੈਣ ਕਰਕੇ ਪੋਲਿੰਗ ਦਾ ਕੰਮ ਸਵੇਰ ਵੇਲੇ ਮੱਠਾ ਰਿਹਾ, ਪਰ ਦੁਪਹਿਰ 12 ਵਜੇ ਤੱਕ 37 ਫੀਸਦੀ ਅਤੇ ਦੋ ਵਜੇ ਤੱਕ 55.91 ਫੀਸਦੀ ਪੋਲਿੰਗ ਹੋਈ। ਇਸੇ ਦੌਰਾਨ ਪੰਜਾਬ ’ਚ ਕੌਂਸਲ ਚੋਣਾਂ ਦੌਰਾਨ ਵੱਖ ਵੱਖ ਥਾਈਂ ਹੋਈ ਹਿੰਸਾ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ 14 ਦੇ ਕਰੀਬ ਆਗੂ ਅਤੇ ਵਰਕਰ ਜ਼ਖ਼ਮੀ ਹੋ ਗਏ। ਪੱਟੀ ਤੇ ਸੁਲਤਾਨਪੁਰ ਲੋਧੀ ’ਚ ਗੋਲੀ ਚੱਲਣ ਦੀ ਖ਼ਬਰ ਹੈ। ਬਹੁਤੇ ਜ਼ਿਲ੍ਹਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੱਟੀ ’ਚ ਖੂਨੀ ਝੜਪ ਹੋਈ ਹੈ ਅਤੇ ਗੋਲੀ ਨਾਲ ‘ਆਪ’ ਆਗੂ ਮਨਬੀਰ ਸਿੰਘ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਮਗਰੋਂ ‘ਆਪ’ ਵਰਕਰਾਂ ਨੇ ਥਾਣੇ ਅੱਗੇ ਧਰਨਾ ਵੀ ਲਾਇਆ। ਇਸੇ ਤਰ੍ਹਾਂ ਰੋਪੜ ਵਿੱਚ ਅਕਾਲੀ ਤੇ ਕਾਂਗਰਸੀ ਵਰਕਰਾਂ ’ਚ ਪੱਥਰਬਾਜ਼ੀ ਹੋਈ ਅਤੇ ਕਿਰਪਾਨਾਂ ਚੱਲੀਆਂ ਜਿਸ ’ਚ ਨੌਂ ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇੱਕ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕੀਤਾ ਹੈ। ਕਾਂਗਰਸ ਵਰਕਰ ਪ੍ਰਵੀਨ ਦਾ ਇਲਜ਼ਾਮ ਹੈ ਕਿ ਅਕਾਲੀ ਪੈਸੇ ਵੰਡ ਰਹੇ ਸਨ ਤੇ ਜਦੋਂ ਉਨ੍ਹਾਂ ਰੋਕਣਾ ਚਾਹਿਆ ਤਾਂ ਅਕਾਲੀਆਂ ਨੇ ਹਮਲਾ ਕਰ ਦਿੱਤਾ। ਦੂਸਰੀ ਤਰਫ ਅਕਾਲੀ ਦਲ ਦਾ ਕਹਿਣਾ ਹੈ ਕਿ ਯੂਥ ਕਾਂਗਰਸ ਦੇ ਆਗੂਆਂ ਨੇ ਮਿਥ ਕੇ ਅਕਾਲੀ ਵਰਕਰਾਂ ’ਤੇ ਹਮਲਾ ਕੀਤਾ ਹੈ। ਨਗਰ ਕੌਂਸਲ ਭਿੱਖੀਵਿੰਡ ਦੇ ਵਾਰਡ ਨੰਬਰ 4 ’ਚ ਝੜਪ ਹੋਈ ਹੈ, ਜਿਸ ਵਿੱਚ ਅਕਾਲੀ ਉਮੀਦਵਾਰ ਰਿੰਕੂ ਧਵਨ ਦੀ ਨੂੰਹ ਸਪਨਾ ਦੇ ਸੱਟ ਲੱਗੀ ਹੈ। ਇੱਥੇ ‘ਆਪ’ ਵਰਕਰ ਤੇ ਵਿਰੋਧੀ ਆਗੂ ਦੀਆਂ ਪੱਗਾਂ ਲੱਥਣ ਦਾ ਵੀ ਸਮਾਚਾਰ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਪੋਲਿੰਗ ਦੌਰਾਨ ਕਾਫੀ ਹੰਗਾਮੇ ਹੋਏ ਹਨ। ਸਮਾਣਾ ਵਿਚ ਅਕਾਲੀ ਵਰਕਰ ਦੀ ਕੁੱਟਮਾਰ ਦੇ ਰੋਸ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਾਤੜਾਂ ਰੋਡ ’ਤੇ ਧਰਨਾ ਲਾਇਆ। ਰਾਜਪੁਰਾ ਵਿਚ ਤਿੰਨ ਵਿਰੋਧੀ ਉਮੀਦਵਾਰਾਂ ਨੇ ਬੂਥਾਂ ’ਤੇ ਕਬਜ਼ੇ ਹੋਣ ਦਾ ਇਲਜ਼ਾਮ ਲਾਉਣ ਮਗਰੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਵਾਰਡ ਨੰਬਰ ਦੋ ਦੇ ਉਮੀਦਵਾਰ ਕਪਤਾਨ ਸਿੰਘ ਦੀ ਵਿਰੋਧੀ ਧਿਰ ਵੱਲੋਂ ਪੱਗ ਉਤਾਰੇ ਜਾਣ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਦੇ ਦੋਸ਼ ਲਾਏ। ‘ਆਪ’ ਨੇ ਹਾਕਮ ਧਿਰ ਦੀ ਧੱਕੇਸ਼ਾਹੀ ਖਿਲਾਫ ਗਗਨ ਚੌਕ ਵਿਚ ਧਰਨਾ ਦਿੱਤਾ।
ਸੁਲਤਾਨਪੁਰ ਲੋਧੀ ਵਿਚ ਵਾਰਡ ਨੰਬਰ ਇੱਕ ’ਚ ਪੱਥਰਬਾਜ਼ੀ ਦੇ ਦੋਸ਼ ਲਗਾਉਂਦੇ ਹੋਏ ਸਾਬਕਾ ਮੰਤਰੀ ਉਪਿੰਦਰਜੀਤ ਕੌਰ ਨੇ ਤਲਵੰਡੀ ਚੌਕ ਵਿਚ ਧਰਨਾ ਲਾਇਆ। ਮਹਿਲਾ ਆਗੂ ਨੇ ਇੱਕ ਕਾਂਗਰਸੀ ਵੱਲੋਂ ਗੋਲੀ ਚਲਾਏ ਜਾਣ ਦੀ ਗੱਲ ਵੀ ਆਖੀ ਹੈ। ਇਸੇ ਤਰ੍ਹਾਂ ਧੂਰੀ ਵਿਚ ਅਣਪਛਾਤਿਆਂ ਵੱਲੋਂ ਵਾਰਡ ਨੰਬਰ ਇੱਕ ਦੇ ਪੋਲਿੰਗ ਸਟੇਸ਼ਨ ਦੇ ਬਾਹਰ ‘ਆਪ’ ਆਗੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ, ਜਿਸ ’ਚ ਗੌਰਵ ਬਾਂਸਲ ਦੇ ਸਿਰ ’ਤੇ ਸੱਟ ਲੱਗੀ ਹੈ ਅਤੇ ਇੱਕ ਹੋਰ ਆਗੂ ਨੂੰ ਸੱਟ ਲੱਗੀ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਪੋਲਿੰਗ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਰਹੀ। ਬਠਿੰਡਾ ਨਗਰ ਨਿਗਮ ਦੀ ਚੋਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਵਕਾਰੀ ਹੈ, ਜਿੱਥੇ ਪਹਿਲਾਂ ਗੱਠਜੋੜ ਕਾਬਜ਼ ਰਿਹਾ ਹੈ। ਅੱਜ ਵਾਰਡ ਨੰਬਰ ਅੱਠ ਦੇ ਅਕਾਲੀ ਉਮੀਦਵਾਰ ਹਰਪਾਲ ਸਿੰਘ ਨੇ ਦੋਸ਼ ਲਾਏ ਕਿ ਵਿਰੋਧੀ ਆਗੂ ਦੇ ਸਮਰਥਕਾਂ ਨੇ ਉਸ ਦੇ ਸੱਟਾਂ ਮਾਰੀਆਂ ਹਨ ਅਤੇ ਵਾਰਡ ਨੰਬਰ 43 ਵਿਚ ਭਾਜਪਾ ਆਗੂ ਨੇ ਜਾਅਲੀ ਵੋਟਾਂ ਬਣਾਏ ਜਾਣ ਦੇ ਦੋਸ਼ ਲਾਏ ਹਨ।
ਮੁਕਤਸਰ ਜ਼ਿਲ੍ਹੇ ਵਿਚ ਲੰਘੀ ਰਾਤ ਘਟਨਾਵਾਂ ’ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਹਮਲੇ ਕੀਤੇ ਜਾਣ ਦੇ ਸਮਾਚਾਰ ਹਨ। ਕਾਂਗਰਸੀ ਆਗੂ ਮਨਦੀਪ ਨੇ ਕਿਹਾ ਕਿ ਅਕਾਲੀ ਰਾਤ ਪੈਸੇ ਵੰਡਣ ਆਏ ਸਨ। ਉਸ ਨੇ ਜਦੋਂ ਰੋਕੇ ਤਾਂ ਉਸ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਕੌਂਸਲ ਦੇ ਸਾਬਕਾ ਅਕਾਲੀ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਹੋਰਨਾਂ ’ਤੇ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਦੀ ਸ਼ਿਕਾਇਤ ’ਤੇ ਅਕਾਲੀ ਉਮੀਦਵਾਰ ਟੇਕ ਚੰਦ ਅਤੇ ਉਸ ਦੇ ਲੜਕੇ ’ਤੇ ਪਰਚਾ ਦਰਜ ਕੀਤਾ ਗਿਆ ਹੈ। ਭਿੱਖੀਵਿੰਡ ’ਚ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਲੜਕੇ ਗੌਰਵਦੀਪ ਸਿੰਘ ਅਤੇ ਪੰਜ ਹੋਰਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਸਿਰਫ ਖੰਨਾ ’ਚ ਲੰਘੀ ਰਾਤ ਘਟਨਾ ਵਾਪਰੀ, ਜਿਸ ਮਗਰੋਂ ਪੁਲੀਸ ਨੇ ਅਕਾਲੀ ਉਮੀਦਵਾਰ ਜਸਵਿੰਦਰ ਕੌਰ ਦੇ ਘਰ ’ਤੇ ਛਾਪਾ ਮਾਰਿਆ। ਇਸ ਉਮੀਦਵਾਰ ਦੇ ਪਤੀ ਸਮੇਤ 13 ਜਣਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਸੰਗਰੂਰ ਦੇ ਭਵਾਨੀਗੜ੍ਹ ਵਿਚ ਅਪਸ਼ਬਦ ਬੋਲੇ ਜਾਣ ਕਰਕੇ ਇੱਕ ਵੋਟਰ ਵੱਲੋਂ ਕਾਂਗਰਸੀ ਆਗੂ ਦੇ ਥੱਪੜ ਮਾਰੇ ਜਾਣ ਦਾ ਸਮਾਚਾਰ ਹੈ। ਇੱਥੇ ਪੋਲਿੰਗ ’ਚ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨੇ ਭਵਾਨੀਗੜ੍ਹ ’ਚ ਧਰਨਾ ਵੀ ਲਾਇਆ।
ਗੁਰੂ ਹਰਸਹਾਏ ਵਿਚ ‘ਆਪ’ ਵਰਕਰ ’ਤੇ ਹਮਲਾ ਹੋਇਆ ਹੈ ਜਿਸ ਮਗਰੋਂ ‘ਆਪ’ ਆਗੂ ਮਲਕੀਤ ਥਿੰਦ ਦੀ ਅਗਵਾਈ ਵਿਚ ਵਰਕਰਾਂ ਨੇ ਐੱਸਡੀਐੱਮ ਦਫਤਰ ਅੱਗੇ ਧਰਨਾ ਦਿੱਤਾ। ਅਰਨੀਵਾਲਾ ਵਿਚ ਬੂਥਾਂ ’ਤੇ ਕਬਜ਼ੇ ਦੇ ਇਲਜ਼ਾਮ ਲਾ ਕੇ ‘ਆਪ’ ਨੇ ਮਲੋਟ ਰੋਡ ’ਤੇ ਧਰਨਾ ਲਾਇਆ। ਕਾਦੀਆਂ ਦੇ ਤਿੰਨ ਵਾਰਡਾਂ ਵਿਚ ਜਾਅਲੀ ਵੋਟਾਂ ਪੈਣ ਦੇ ਰੌਲੇ ਮਗਰੋਂ ਪੋਲਿੰਗ ਕੁਝ ਸਮਾਂ ਰੁਕੀ ਰਹੀ। ਫਿਰੋਜ਼ਪੁਰ ਵਿਚ ਮਾਹੌਲ ਤਾਂ ਦਹਿਸ਼ਤ ਭਰਿਆ ਰਿਹਾ, ਪ੍ਰੰਤੂ ਕੋਈ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਮੋਗਾ ਜ਼ਿਲ੍ਹੇ ਵਿਚ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਜਦੋਂਕਿ ਸੰਗਰੂਰ ਦੇ ਸੁਨਾਮ ਵਿਚ ਮਾਮੂਲੀ ਤਕਰਾਰ ਹੋਈ ਹੈ। ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਵਿਚ ਅਮਨ ਅਮਾਨ ਰਿਹਾ।
ਪਾਤੜਾਂ ਤੇ ਸਮਾਣਾ ਦੇ ਤਿੰਨ ਬੂਥਾਂ ’ਤੇ ਮੁੜ ਚੋਣ ਦੀ ਸੰਭਾਵਨਾ
ਚੰਡੀਗੜ੍ਹ/ਪਟਿਆਲਾ(ਚਰਨਜੀਤ ਭੁੱਲਰ/ ਸਰਬਜੀਤ ਭੰਗੂ): ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੇ ਪਾਤੜਾਂ ਦੇ ਤਿੰਨ ਪੋਲਿੰਗ ਬੂਥਾਂ ’ਤੇ ਮੁੜ ਵੋਟਿੰਗ ਹੋਣ ਦੀ ਸੰਭਾਵਨਾ ਹੈ। ਵੇਰਵਿਆਂ ਅਨੁਸਾਰ ਪਾਤੜਾਂ ਦੇ ਵਾਰਡ ਨੰਬਰ ਅੱਠ ਦੇ ਬੂਥ ਨੰਬਰ 11 ’ਤੇ ਅੱਜ ਅਣਪਛਾਤੇ ਵਿਅਕਤੀਆਂ ਨੇ ਕਬਜ਼ਾ ਕਰ ਲਿਆ ਅਤੇ ਵੋਟਿੰਗ ਮਸ਼ੀਨ ਲੈ ਕੇ ਫਰਾਰ ਹੋ ਗਏ। ਥਾਣਾ ਪਾਤੜਾਂ ਦੇ ਮੁੱਖ ਥਾਣਾ ਅਫਸਰ ਰਣਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ ਅਤੇ ਈਵੀਐੱਮ ਮਗਰੋਂ ਇਕ ਸਕੂਲ ’ਚੋਂ ਬਰਾਮਦ ਕਰ ਲਈ ਗਈ ਹੈ। ਇਸੇ ਤਰ੍ਹਾਂ ਸਮਾਣਾ ਦੇ ਵਾਰਡ ਨੰਬਰ 11 ਦੇ ਦੋ ਪੋਲਿੰਗ ਬੂਥਾਂ 22 ਤੇ 23 ’ਤੇ ਸਿਆਸੀ ਧਿਰਾਂ ਦੀ ਆਪਸੀ ਲੜਾਈ ਵਿਚ ਦੋ ਵੋਟਿੰਗ ਮਸ਼ੀਨਾਂ ਟੁੱਟ ਗਈਆਂ ਹਨ। ਸੂਤਰਾਂ ਅਨੁਸਾਰ ਇਨ੍ਹਾਂ ਤਿੰਨੋਂ ਬੂਥਾਂ ’ਤੇ ਮੁੜ ਚੋਣ ਲਈ ਲਿਖਿਆ ਜਾ ਰਿਹਾ ਹੈ।
ਹਿੰਸਾ ਲਈ ਅਕਾਲੀ ਵਰਕਰ ਜ਼ਿੰਮੇਵਾਰ: ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਹੋਏ ਸ਼ਾਂਤੀਪੂਰਨ ਅਤੇ ਭਰਵੇਂ ਮਤਦਾਨ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਚੋਣ ਵਿਚ ਵੋਟਰ ਵਿਕਾਸ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ ਤੇ ਵਿਰੋਧੀ ਧਿਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਚੋਣ ਕਮਿਸ਼ਨ ਅਤੇ ਪੁਲੀਸ ਪ੍ਰਸ਼ਾਸਨ ਨੂੰ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਮਾਮੂਲੀ ਹਿੰਸਾ ਹੋਈ ਹੈ, ਉਸ ਪਿੱਛੇੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਹੱਥ ਹੈ।
ਖੇਤੀ ਕਾਨੂੰਨਾਂ ਤੋਂ ਪੈਦਾ ਰੋਹ ਦਾ ਸ਼ਿਕਾਰ ਹੋਈ ਭਾਜਪਾ
ਕਿਸਾਨ ਧਿਰਾਂ ਨੇ ਅੱਜ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੋਲਿੰਗ ਦੌਰਾਨ ਭਾਜਪਾ ਉਮੀਦਵਾਰਾਂ ਅਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ। ਗੜਦੀਵਾਲਾ ਵਿੱਚ ਰੋਸ ਮਾਰਚ ਕੱਢ ਰਹੇ ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਗੱਡੀ ਦਾ ਘਿਰਾਓ ਕੀਤਾ। ਸੂਚਨਾ ਅਨੁਸਾਰ ਗੱਡੀ ਦੇ ਸ਼ੀਸ਼ੇ ਵੀ ਭੰਨੇ ਗਏ ਹਨ। ਅੰਮ੍ਰਿਤਸਰ ਵਿਚ ਵੀ ਭਾਜਪਾ ਉਮੀਦਵਾਰਾਂ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਜਦੋਂ ਕਿ ਅਹਿਮਦਗੜ੍ਹ ਮੰਡੀ ਵਿਚ ਵਾਰਡ ਨੰਬਰ 12 ਦੇ ਭਾਜਪਾ ਉਮੀਦਵਾਰ ਖਿਲਾਫ ਧਰਨਾ ਲਾਇਆ।
ਹਿੰਸਾ ਪ੍ਰਭਾਵਿਤ ਬੂਥਾਂ ’ਤੇ ਮੁੜ ਚੋਣ ਹੋਵੇ: ਚੀਮਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਕੌਂਸਲ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਬੂਥਾਂ ’ਤੇ ਕਬਜ਼ਾ ਕਰਨ ਤੇ ਵਿਰੋਧੀ ਪਾਰਟੀਆਂ ਖਿਲਾਫ ਵਿਆਪਕ ਹਿੰਸਾ ਕਰ ਕੇ ਵੋਟਰਾਂ ਨੂੰ ਡਰਾਉਣ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾ ਕੇ ਮੰਗ ਕੀਤੀ ਹੈ ਜਿੱਥੇ ਕਿਤੇ ਵੀ ਬੂਥਾਂ ’ਤੇ ਕਬਜ਼ੇ ਕੀਤੇ ਗਏ ਹਨ ਤੇ ਹਿੰਸਾ ਵਾਪਰੀ ਹੈ, ਉਥੇ ਚੋਣ ਰੱਦ ਕੀਤੀ ਜਾਵੇ ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਸੂਬਾ ਚੋਣ ਕਮਿਸ਼ਨ ਨੂੰ ਚੌਕਸ ਕੀਤਾ ਸੀ, ਪਰ ਇਸ ਚੇਤਾਵਨੀ ਦੇ ਬਾਵਜੂਦ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਨੇ ਸਿਰਫ ਬੂਥਾਂ ’ਤੇ ਹੀ ਕਬਜ਼ਾ ਨਹੀਂ ਕੀਤਾ ਬਲਕਿ ਵਿਰੋਧੀ ਧਿਰ ਤੇ ਆਮ ਲੋਕਾਂ ਨੇ ਜਿੱਥੇ ਵੀ ਉਨ੍ਹਾਂ ਦਾ ਵਿਰੋਧ ਕੀਤਾ, ਉਥੇ ਹੀ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਅਕਾਲੀ ਆਗੂਆਂ ਤੇ ਵਰਕਰਾਂ ’ਤੇ ਹੀ ਪੁਲੀਸ ਨੇ ਉਲਟਾ ਕੇਸ ਦਰਜ ਕਰ ਦਿੱਤੇ। ਡਾ. ਚੀਮਾ ਨੇ ਕਿਹਾ ਕਿ ਸੂਬਾ ਚੋਣ ਕਮਿਸ਼ਨ ਸੰਵੇਦਨਸ਼ੀਲ ਥਾਵਾਂ ’ਤੇ ਵੀਡੀਓਗ੍ਰਾਫੀ ਯਕੀਨੀ ਬਣਾਉਣ ਵਿਚ ਨਾਕਾਮ ਰਿਹਾ, ਜਿਸ ਕਾਰਨ ਵੱਡੀ ਪੱਧਰ ’ਤੇ ਬੂਥਾਂ ’ਤੇ ਕਬਜ਼ੇ ਹੋਏ।
ਕਾਂਗਰਸੀਆਂ ਨੇ ਲੋਕਤੰਤਰ ਦਾ ਕਤਲ ਕੀਤਾ: ਚੀਮਾ
ਚੰਡੀਗੜ੍ਹ(ਆਤਿਸ਼ ਗੁਪਤਾ): ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕਈ ਥਾਵਾਂ ’ਤੇ ਕਥਿਤ ਧੱਕੇਸ਼ਾਹੀ ਅਤੇ ‘ਆਪ’ ਉਮੀਦਵਾਰਾਂ ’ਤੇ ਹਮਲਿਆਂ ਦੀ ਨਿਖੇਧੀ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਤੇ ਕਾਂਗਰਸੀਆਂ ’ਤੇ ਜਮਹੂਰੀਅਤ ਦਾ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ ਅਤੇ ਹੁਣ ਜਮਹੂਰੀਅਤ ਦਾ ਕਤਲ ਕਰ ਰਹੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ਕਾਂਗਰਸੀਆਂ ਨੇ ਕਈ ਥਾਵਾਂ ’ਤੇ ‘ਆਪ’ ਵਾਲੰਟੀਅਰਾਂ ਉੱਤੇ ਹਮਲਾ ਕੀਤਾ ਹੈ। ਪੱਟੀ ਵਿੱਚ ਇਕ ‘ਆਪ’ ਵਾਲੰਟੀਅਰ ’ਤੇ ਗੋਲੀ ਚਲਾਈ ਗਈ ਹੈ ਜਦੋਂ ਕਿ ਇਕ ਵਾਲੰਟੀਅਰ ਨੂੰ ਪੁਲੀਸ ਨੇ ਨਜਾਇਜ਼ ਤੌਰ ’ਤੇ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਹੀ ਤਰਨ ਤਾਰਨ, ਰਾਜਪੁਰਾ, ਫਾਜ਼ਿਲਕਾ, ਫਿਰੋਜ਼ਪੁਰ, ਅਬੋਹਰ, ਜਲਾਲਾਬਾਦ, ਸਮਾਣਾ, ਧੂਰੀ, ਭਿੱਖੀਵਿੰਡ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਕਾਂਗਰਸੀ ਵੱਲੋਂ ਬੂਥਾਂ ’ਤੇ ਕਬਜ਼ੇ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਅਫਸਰ ਅੱਜ ਕਾਂਗਰਸ ਦੀ ਸ਼ਹਿ ਉੱਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਬਜਾਏ ਕਾਂਗਰਸੀ ਵਰਕਰ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 17 ਫਰਵਰੀ ਨੂੰ ਆਉਣ ਵਾਲੇ ਨਤੀਜੇ ਕਾਂਗਰਸ ਨੂੰ ਸਬਕ ਸਿਖਾਉਣਗੇ।