ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੀ ਪੁਲੀਸ ਨੇ ਪਿੰਡ ਕਲੇਰ ਵਿੱਚ ਭੱਠੇ ਦੇ ਮੁਨੀਮ ਵੱਲੋਂ ਆਪਣੀ ਪਤਨੀ, ਲੜਕੀ ਅਤੇ ਬੱਚੇ ਸਮੇਤ ਆਤਮਦਾਹ ਕਰਨ ਦੇ ਮਾਮਲੇ ਵਿੱਚ ਬਠਿੰਡੇ ਦੇ ਕਾਰੋਬਾਰੀ ਸ਼ੰਟੀ ਮਿੱਤਲ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਧਰਮਪਾਲ ਰਾਜਸਥਾਨ ਦੇ ਜ਼ਿਲ੍ਹਾ ਸੀਕਰ ਦਾ ਵਸਨੀਕ ਸੀ ਅਤੇ ਉਹ ਪਿੰਡ ਢੁੱਡੀ ਦੇ ਡੀ.ਵੀ. ਭੱਠੇ ਉੱਪਰ ਕੰਮ ਕਰਦਾ ਸੀ। ਉਸ ਨੇ 16-17 ਅਕਤੂਬਰ ਦੀ ਰਾਤ ਨੂੰ ਆਪਣੀ ਪਤਨੀ ਸੀਮਾ, ਬੇਟੀ ਮੋਨਿਕਾ ਅਤੇ ਬੇਟੇ ਹਿਤੇਸ਼ ਸਣੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ, ਇਸ ਕਾਰਨ ਪਰਿਵਾਰ ਦੇ ਚਾਰੇ ਜੀਆਂ ਦੀ ਮੌਤ ਹੋ ਗਈ ਸੀ। ਘਟਨਾ ਸਥਾਨ ਤੋਂ ਸਦਰ ਪੁਲੀਸ ਫ਼ਰੀਦਕੋਟ ਨੂੰ ਤਿੰਨ ਸਫ਼ਿਆਂ ਦਾ ਖੁਦਕੁਸ਼ੀ ਪੱਤਰ ਮਿਲਿਆ ਸੀ ਜਿਸ ਵਿੱਚ ਸ਼ੰਟੀ ਨੇ ਮਿੱਤਲ ’ਤੇ ਧੋਖਾ ਦੇਣ ਦਾ ਦੋਸ਼ ਲਾਇਆ ਸੀ। ਪੁਲੀਸ ਵੱਲੋਂ ਮੁੱਢਲੀ ਪੜਤਾਲ ਤੋਂ ਬਾਅਦ ਸ਼ੰਟੀ ਮਿੱਤਲ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।