ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੁਲਾਈ
ਇੱਥੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਮੋਗਾ ਤੋਂ ਪਟਿਆਲਾ ਜ਼ਿਲ੍ਹੇ ’ਚ ਕਥਿਤ ਸਿਆਸੀ ਦਬਾਅ ਹੇਠ ਕੀਤੀ ਬਦਲੀ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਤਹਿਤ ਮੋਗਾ ਸ਼ਹਿਰੀ ਤੋਂ ਹਾਕਮ ਧਿਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਹਲਕੇ ਵਿਚ ਪੁਤਲੇ ਫੂਕਣ ’ਤੇ ਜਨਤਕ ਜਥੇਬੰਦੀਆਂ ਦੀ ਅਗਵਾਈ ਵਾਲੀ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ‘ਆਪ’ ਵਾਲੰਟੀਅਰਾਂ ’ਚ ਤਿੱਖੀ ਝੜਪਾਂ ਹੋਈਆਂ। ਅੱਜ ਸ਼ਹਿਰ ਦੇ ਮੁੱਖ ਚੌਕ ਵਿਚ ਜਿਵੇਂ ਹੀ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਦੇ ਆਗੂ ਇਕੱਠੇ ਹੋਣ ਲੱਗੇ ਤਾਂ ਵੱਡੀ ਗਿਣਤੀ ’ਚ ‘ਆਪ’ ਵਾਲੰਟੀਅਰ ਵੀ ਮੌਕੇ ਪੁੱਜ ਗਏ ਅਤੇ ਪੁਤਲਾ ਫੂਕਣ ਦਾ ਵਿਰੋਧ ਕਰਨ ’ਤੇ ਦੋਵੇਂ ਧਿਰਾਂ ਵਿੱਚ ਝੜਪ ਹੋਈ। ਇਸ ਤੋਂ ਪਹਿਲਾਂ ਪਿੰਡ ਖੋਸਾ ਪਾਂਡੋ ਵਿੱਚ ਵੀ ‘ਆਪ’ ਵਾਲੰਟੀਅਰਾਂ ਦੇ ਵਿਰੋਧ ਕਾਰਨ ਸੰਘਰਸ਼ ਕਮੇਟੀ ਪੁਤਲਾ ਨਾ ਫੂਕ ਸਕੀ।
ਉਧਰ, ਸਥਿਤੀ ਤਣਾਅਪੂਰਨ ਹੁੰਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜ ਗਏ ਅਤੇ ‘ਆਪ’ ਵਾਲੰਟੀਅਰਾਂ ਦੇ ਰੋਹ ਨੂੰ ਭਾਂਪਦੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸਮਝਾ ਕੇ ਮਾਹੌਲ ਸ਼ਾਂਤ ਕੀਤਾ। ਸੰਘਰਸ਼ ਕਮੇਟੀ ਦੇ ਕਨਵੀਨਰ ਅਤੇ ਨੌਜਵਾਨ ਭਾਰਤ ਸਭਾ ਸੂਬਾ ਆਗੂ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਐੱਸਐੱਸਪੀ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਵੱਲੋਂ ਦੋ ਦਿਨ ਵਿੱਚ ਮਸਲੇ ਦੇ ਹੱਲ ਲਈ ਮਿਲੇ ਭਰੋਸੇ ਮਗਰੋਂ ਹਾਕਮ ਧਿਰ ਵਿਧਾਇਕਾ ਦੇ ਦੋ ਦਿਨ ਪੁਤਲੇ ਫੂਕਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਸੰਘਰਸ਼ ਕਮੇਟੀ ਦੇ ਆਗੂ ਬਲੌਰ ਸਿੰਘ ਤੇ ਹੋਰਾਂ ਨੇ ਕਿਹਾ ਕਿ ਸਿਹਤ ਸੁਪਰਵਾਈਜ਼ਰ ਦੀ ਬਦਲੀ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ 21 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਮੁਜ਼ਾਹਰਾ ਵੀ ਕੀਤਾ ਜਾਵੇਗਾ। ਪੁਤਲੇ ਫੂਕਣ ਦੇ ਪ੍ਰੋਗਰਾਮ ਤਹਿਤ ਬਾਘਾਪੁਰਾਣਾ ਦੇ ਮੁੱਖ ਚੌਕ ਵਿੱਚ ਜਨਤਕ ਜਥੇਬੰਦੀ ਆਗੂਆਂ ਦੀ ਅਗਵਾਈ ਹੇਠ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਪੁਤਲਾ ਫੂਕਿਆ ਗਿਆ। ਨਿਹਾਲ ਸਿੰਘ ਵਾਲਾ ਤਹਿਸੀਲ ਕੰਪਲੈਕਸ ਅਤੇ ਧਰਮਕੋਟ ਅਤੇ ਹੋਰ ਕਈ ਥਾਵਾਂ ’ਤੇ ਵੀ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ।
ਜਮਹੂਰੀਅਤ ਦੀ ਆਵਾਜ਼ ਦਬਾਅ ਰਹੀ ਹੈ ‘ਆਪ’: ਸੰਘਰਸ਼ ਕਮੇਟੀ
ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਆਗੂਆਂ ਕਨਵੀਨਰ ਡਾ. ਇੰਦਰਵੀਰ ਗਿੱਲ ਅਤੇ ਕਰਮਜੀਤ ਮਾਣੂੰਕੇ, ਕੋ-ਕਨਵੀਨਰ ਬਲੌਰ ਸਿੰਘ ਘੱਲਕਲਾਂ, ਗੁਰਮੇਲ ਸਿੰਘ ਮਾਛੀਕੇ, ਆਰਗੇਨਾਈਜ਼ਰ ਕੁਲਬੀਰ ਸਿੰਘ ਢਿੱਲੋਂ ਤੇ ਖਜ਼ਾਨਚੀ ਰਾਜਿੰਦਰ ਸਿੰਘ ਰਿਆੜ ਨੇ ਆਖਿਆ ਕਿ ‘ਆਪ’ ਜਮਹੂਰੀਅਤ ਦੀ ਆਵਾਜ਼ ਦਬਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਪਿੰਡਾਂ ਦੇ ਪ੍ਰੋਗਰਾਮ ਮੁਲਤਵੀ ਕਰਨ ਸਬੰਧੀ ਪਿੰਡ ਖੁਖਰਾਣਾ ਦੇ ਗੁਰਦੁਆਰਾ ਸਾਹਿਬ ਵਿੱਚ ਮੁਨਾਦੀ ਕਰਨ ਜਾ ਰਹੇ ਕਿਰਤੀ ਕਿਸਾਨ ਯੂਨੀਅਨ ਆਗੂ ਕੁਲਦੀਪ ਸਿੰਘ ਖੁਖਰਾਣਾ ਦੀ ‘ਆਪ’ ਵਾਲੰਟੀਅਰਾਂ ਵੱਲੋਂ ਕੁੱਟਮਾਰ ਤੇ ਗਾਲੀ ਗਲੋਚ ਕੀਤੀ ਗਈ। ਆਗੂਆਂ ਨੇ ਐੱਸਐੱਸਪੀ ਤੋਂ ਮੰਗ ਕੀਤੀ ਕਿ ਔਰਤਾਂ ਅਤੇ ਮਜ਼ਦੂਰ ਆਗੂਆਂ ਨਾਲ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।