ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਸਤੰਬਰ
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸੈਂਕੜੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ ਪਰ ਮਸਾਂ ਹੀ ਇਕ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ।
ਅੱਜ ਟੈੱਟ ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ 5994 ਪੰਜਾਬ ਨਾਂ ਦੀਆਂ ਦੋ ਯੂਨੀਅਨਾਂ ਦੀ ਅਗਵਾਈ ਹੇਠ ਵੱਖ-ਵੱਖ ਤੌਰ ’ਤੇ ਬੇਰੁਜ਼ਗਾਰ ਨੌਜਵਾਨ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਸੰਦੀਪ ਸਾਮਾ ਦੀ ਅਗਵਾਈ ਹੇਠ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲੀਸ ਨਾਲ ਝੜਪ ਹੋਈ ਜਦਕਿ ਦੂਜੀ ਯੂਨੀਅਨ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਦੂਲੋਵਾਲ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਨੇ ਪੁਲੀਸ ਵੱਲੋਂ ਰੋਕੇ ਜਾਣ ’ਤੇ ਸੜਕ ਉਪਰ ਰੋਸ ਧਰਨਾ ਦਿੱਤਾ।
ਪਹਿਲਾਂ ਸੂਬਾ ਪ੍ਰਧਾਨ ਮਨਿੰਦਰ ਸਿੰਘ ਦੂਲੋਵਾਲ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਨੇੜੇ ਪੁੱਜੇ, ਜਿੱਥੇ ਪੁਲੀਸ ਨੇ ਉਨ੍ਹਾਂ ਨੂੰ ਸੜਕ ’ਤੇ ਹੀ ਰੋਕ ਲਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਦੂਜੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਦੀਪ ਸਾਮਾ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਨੇ ਆਉਂਦਿਆਂ ਹੀ ਪੁਲੀਸ ਨਾਕਾਬੰਦੀ ਤੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲੀਸ ਨਾਲ ਝੜਪ ਹੋ ਗਈ। ਕਈ ਬੇਰੁਜ਼ਗਾਰਾਂ ਦੇ ਕਮੀਜ਼ਾਂ ਪਾਟ ਗਈਆਂ ਜਦਕਿ ਇੱਕ ਪੁਲੀਸ ਸਬ ਇੰਸਪੈਕਟਰ ਦੀ ਵਰਦੀ ਤੋਂ ਬੈਜ ਟੁੱਟ ਕੇ ਡਿੱਗ ਪਿਆ ਅਤੇ ਪੁਲੀਸ ਨੇ ਬੇਰੁਜ਼ਗਾਰਾਂ ਨੂੰ ਧੂਹ ਕੇ ਨਾਕਾਬੰਦੀ ਤੋਂ ਪਿੱਛੇ ਹਟਾਇਆ। ਇਸ ਦੌਰਾਨ ਦੋਵੇਂ ਯੂਨੀਅਨਾਂ ਦੇ ਸੂਬਾ ਪ੍ਰਧਾਨਾਂ ਸੰਦੀਪ ਸਾਮਾ ਅਤੇ ਮਨਿੰਦਰ ਸਿੰਘ ਦੂਲੋਵਾਲ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਦਸੰਬਰ 2021 ’ਚ ਪਹਿਲੀ ਸਰਕਾਰ ਨੇ ਈਟੀਟੀ ਅਧਿਆਪਕਾਂ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਪਰ ਅਜੇ ਤੱਕ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਭਰਤੀ ਦਾ ਪੋਰਟਲ ਛੇਤੀ ਖੋਲ੍ਹਿਆ ਜਾਵੇ ਤੇ ਭਰਤੀ ਦੀ ਯੋਗਤਾ ਬਾਰ੍ਹਵੀਂ ਦੇ ਆਧਾਰ ’ਤੇ ਕੀਤੀ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਤਿੱਖੇ ਐਕਸ਼ਨ ਕੀਤੇ ਜਾਣਗੇ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਵੇਂ ਯੂਨੀਅਨਾਂ ਦੀ 12 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਾ ਲਿਖਤੀ ਪੱਤਰ ਸੌਂਪਿਆ, ਜਿਸ ਮਗਰੋਂ ਦੋਵੇਂ ਜਥੇਬੰਦੀਆਂ ਰੋਸ ਧਰਨੇ ਸਮਾਪਤ ਕਰ ਦਿੱਤੇ ਹਨ।
ਖਟਕੜ ਕਲਾਂ ਵਿੱਚ ਬੇਰੁਜ਼ਗਾਰ ਅਧਿਆਪਕ ਟੈਂਕੀ ’ਤੇ ਚੜ੍ਹੇ
ਬੰਗਾ (ਸੁਰਜੀਤ ਮਜਾਰੀ): ਖਟਕੜ ਕਲਾਂ ਵਿੱਚ ਅੱਜ ਰਾਜ ਪੱਧਰੀ ਸਮਾਗਮ ਮੌਕੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਜਥੇਬੰਦੀ ਦੇ ਦੋ ਆਗੂ ਹੱਥ ਵਿੱਚ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹੇ। ਹਾਲਾਂਕਿ ਇਸ ਐਕਸ਼ਨ ਦੀ ਪ੍ਰਸ਼ਾਸਨ ਨੂੰ ਭਿਣਕ ਪਹਿਲਾਂ ਹੀ ਪੈ ਗਈ ਸੀ, ਪਰ ਜਿਉਂ ਹੀ ਸੁਵੱਖਤੇ ਪੁਲੀਸ ਮੁਲਾਜ਼ਮ ਇੱਧਰ-ਉੱਧਰ ਹੋਏ ਤਾਂ ਇਨ੍ਹਾਂ ਅਧਿਆਪਕਾਂ ’ਚੋਂ ਦੋ ਆਗੂ ਟੈਂਕੀ ’ਤੇ ਚੜ੍ਹਨ ਵਿੱਚ ਸਫ਼ਲ ਹੋ ਗਏ। ਟੈਂਕੀ ’ਤੇ ਚੜ੍ਹੇ ਆਗੂਆਂ ਨੇ ਕਿਹਾ ਚੋਣਾਂ ਵੇਲੇ ‘ਆਪ’ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਭਰਤੀ ਕੀਤੀ ਜਾਵੇਗੀ ਪਰ ਛੇ ਮਹੀਨੇ ਬੀਤਣ ਮਗਰੋਂ ਵੀ ਭਰਤੀ ਨੂੰ ਕੋਈ ਅਮਲੀ ਰੂਪ ਨਹੀਂ ਦਿੱਤਾ ਗਿਆ। ਯੂਨੀਅਨ ਦੇ ਆਗੂ ਵਕੀਲ ਫੂਸ ਮੰਡੀ ਨੇ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਦੇ ਡਰੋਂ ਪ੍ਰਸ਼ਾਸਨ ਨੇ ਕਈ ਆਗੂਆਂ ਨੂੰ ਘਰਾਂ ਤੋਂ ਹੀ ਚੱਕ ਲਿਆ ਸੀ। ਇਸ ਦੌਰਾਨ ਟੈਂਕੀ ’ਤੇ ਚੜ੍ਹੇ ਅਧਿਆਪਕ ਅਸ਼ੋਕ ਕੁਮਾਰ ਤੇ ਗੁਰਸੇਵਕ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਅੱਜ ਸ਼ਹੀਦਾਂ ਦੀ ਧਰਤੀ ’ਤੇ ਆਤਮ ਦਾਹ ਕਰ ਲੈਣਗੇ। ਇਨ੍ਹਾਂ ਅਧਿਆਪਕਾਂ ਦਾ ਕਹਿਣ ਸੀ ਕਿ ਉਨ੍ਹਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹਰੇ ਪੈੱਨ ਦੀ ਸਿਆਹੀ ਮੁੱਕ ਗਈ ਜਾਪਦੀ ਹੈ। ਦੂਜੇ ਪਾਸੇ ਹਾਲਤਾਂ ਨੂੰ ਭਾਂਪਦਿਆਂ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਰਵੀ ਭਗਤ ਨੇ ਉਨ੍ਹਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ।