ਪੱਤਰ ਪ੍ਰੇਰਕ
ਤਪਾ ਮੰਡੀ, 29 ਦਸੰਬਰ
ਤਪਾ ਵਿੱਚ ਮੁਸ਼ਤਰਕਾ ਖਾਤੇ ਦੀ ਦੋ ਏਕੜ ਜ਼ਮੀਨ ਦਾ ਕਬਜ਼ਾ ਨਗਰ ਕੌਂਸਲ ਨੂੰ ਦਿਵਾਉਣ ਗਈ ਪੁਲੀਸ ਟੀਮ ਨਾਲ ਲੋਕਾਂ ਦੀ ਝੜਪ ਹੋ ਗਈ, ਜਿਸ ਕਾਰਨ ਥਾਣਾ ਮੁਖੀ ਤੇ ਡੀਐੱਸਪੀ ਸਮੇਤ ਕਈ ਜਣੇ ਜ਼ਖ਼ਮੀ ਹੋ ਗਏ। ਭੜਕੇ ਲੋਕਾਂ ਨੇ ਪੁਲੀਸ ਦੀ ਗੱਡੀ ਦੀ ਭੰਨ੍ਹ-ਤੋੜ ਕੀਤੀ। ਇਸ ਦੌਰਾਨ ਪੁਲੀਸ ਨੇ ਹਵਾ ਵਿੱਚ ਗੋਲੀਆਂ ਚਲਾਈਆਂ ਜਦਕਿ ਲੋਕਾਂ ਨੇ ਪੁਲੀਸ ’ਤੇ ਇੱਟਾਂ ਰੋੜੇ ਵਰਸਾਏ। ਇਸ ਦੌਰਾਨ ਇੱਕ ਔਰਤ ਦੇ ਸਿਰ ’ਤੇ ਵਿੱਚ ਗੰਭੀਰ ਸੱਟ ਲੱਗੀ ਹੈ ਤੇ ਡੀਐੱਸਪੀ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਗੁਰਲਾਲ ਸਿੰਘ ਵੀ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਉਕਤ ਜ਼ਮੀਨ ’ਤੇ ਕੌਂਸਲ ਨੇ ਇੱਕ ਪਾਰਕ ਬਣਾਉਣਾ ਸੀ। ਜਦਕਿ ਸਥਾਨਕ ਦਲਿਤ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਕਤ ਜ਼ਮੀਨ ’ਤੇ ਆਪਣੀ ਮਾਲਕੀ ਦਾ ਦਾਅਵਾ ਕਰਦਿਆਂ ਨਿਸ਼ਾਨ ਸਾਹਿਬ ਸਥਾਪਤ ਕਰਕੇ ਗੁਰਦੁਆਰਾ ਬਣਵਾਉਣ ਦਾ ਐਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਸ ਵਿਵਾਦਿਤ ਥਾਂ ਦੇ ਮਸਲੇ ਨੂੰ ਹੱਲ ਕਰਨ ਲਈ ਅੱਜ ਕੁਝ ਵਿਅਕਤੀਆਂ ਨੂੰ ਪੁਲੀਸ ਨਾਲ ਗੱਲਬਾਤ ਕਰਨ ਲਈ ਸੱਦਿਆ ਗਿਆ ਸੀ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਜਦੋਂ ਉਨ੍ਹਾਂ ਗੱਲਬਾਤ ਕਰਨ ਲਈ ਉਕਤ ਵਿਅਕਤੀਆਂ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤਾਂ ਸਥਾਨਕ ਲੋਕਾਂ ਨੇ ਗੁੱਸੇ ਵਿੱਚ ਆ ਕੇ ਸਰਕਾਰੀ ਗੱਡੀ ’ਤੇ ਹਮਲਾ ਕਰ ਦਿੱਤਾ, ਜਿਸ ਮਗਰੋਂ ਖ਼ੁਦ ਨੂੰ ਘਿਰੇ ਵੇਖ ਕੇ ਪੁਲੀਸ ਮੁਲਾਜ਼ਮਾਂ ਨੇ ਹਵਾਈ ਫਾਇਰਿੰਗ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਥਾਂ ਉਨ੍ਹਾਂ ਦੇ ਨਾਂ ਬੋਲਦੀ ਹੈ ਤੇ ਉਹ ਲੰਮੇ ਸਮੇਂ ਤੋਂ ਇਸ ’ਤੇ ਕਾਬਜ਼ ਹਨ, ਪਰ ਨਗਰ ਕੌਂਸਲ ਪੁਲੀਸ ਦੀ ਮਦਦ ਨਾਲ ਜਬਰੀ ਇਸ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਪ੍ਰਤੱਖਦਰਸ਼ੀ ਨਿਰੰਜਨ ਸਿੰਘ ਨੇ ਕਿਹਾ ਕਿ ਪੁਲੀਸ ਉੱਥੇ ਉਨ੍ਹਾਂ ਵੱਲੋਂ ਲਗਾਏ ਤੰਬੂ ਪੱਟਣ ਆਈ ਸੀ ਤੇ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਉਹ ਨਿਸ਼ਾਨ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਉਣਗੇ।
ਤਿੰਨ ਜਣੇ ਹਿਰਾਸਤ ’ਚ ਲਏ
ਪੁਲੀਸ ਨੇ ਇੱਟਾਂ-ਰੋੜੇ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਐੱਸਡੀਐੱਮ ਤਪਾ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕਰਵਾਈ ਜਾ ਰਹੀ ਹੈ ਤੇ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।