ਸ਼ਗਨ ਕਟਾਰੀਆ
ਬਠਿੰਡਾ, 18 ਮਈ
ਕਾਂਗਰਸ ਪਾਰਟੀ ਵਿੱਚ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਲਈ ਇਥੋਂ ਦੇ ਕਾਂਗਰਸ ਭਵਨ ਵਿੱਚ ਹੋਈ ਪਾਰਟੀ ਆਗੂਆਂ ਦੀ ਮੀਟਿੰਗ ਵਿੱਚ ਮਨਪ੍ਰੀਤ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀਆਂ ਦਰਮਿਆਨ ਤਲਖ਼ ਕਲਾਮੀ ਤੇ ਹੱਥੋਪਾਈ ਹੋ ਗਈ। ਦੋਵੇਂ ਧਿਰਾਂ ਦੀ ਇੱਛਾ ਸੀ ਕਿ ਨਵੇਂ ਅਹੁਦੇਦਾਰ ਉਨ੍ਹਾਂ ਦੇ ਹੋਣ ਤੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਤਾਲੇ ਦੀ ਚਾਬੀ ਉਨ੍ਹਾਂ ਦੇ ਹੱਥ ਆਵੇ। ਦੋਵੇਂ ਖੇਮਿਆਂ ਨੇ ਇੱਕ ਦੂਜੇ ਨੂੰ ਮਿਹਣੇ ਵੀ ਮਾਰੇ, ਜਿਸ ਕਾਰਨ ਮਾਹੌਲ ਵਿਗੜ ਗਿਆ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਹੋਈ ਇਸ ਮੀਟਿੰਗ ਵਿੱਚ ਜਦੋਂ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੇ ਇੱਕ ਚੁਭਵੀਂ ਟਿੱਪਣੀ ਕੀਤੀ ਤਾਂ ਕਾਂਗਰਸੀ ਆਗੂ ਸੁਰਿੰਦਰਜੀਤ ਸਾਹਨੀ ਨੇ ਉਨ੍ਹਾਂ ਨੂੰ ਸ਼ਾਂਤੀ ਰੱਖਣ ਦੀ ਸਲਾਹ ਦਿੱਤੀ। ਇਸੇ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਇੰਚਾਰਜ ਜੈਜੀਤ ਜੌਹਲ ਵੀ ਪਾਰਟੀ ਨਾਲ ਜੁੜੇ ਆਪਣੇ ਸਮਰਥਕਾਂ ਨਾਲ ਮੀਟਿੰਗ ਵਿੱਚ ਪ੍ਰਵੇਸ਼ ਕਰ ਗਏ। ਦੋਵੇਂ ਧਿਰਾਂ ਨੇ ਇੱਕ ਦੂਜੇ ਪ੍ਰਤੀ ਟਿੱਪਣੀਆਂ ਕੀਤੀਆਂ ਤੇ ਆਪਣਾ ਗੁੱਸਾ ਜ਼ਾਹਰ ਕੀਤਾ, ਜਿਸ ਮਗਰੋਂ ਕੁੱਝ ਸੁਹਰਿਦ ਵਿਅਕਤੀਆਂ ਨੇ ਵਿੱਚ ਪੈ ਕੇ ਕੁਝ ਵਿਅਕਤੀਆਂ ਨੂੰ ਮੀਟਿੰਗ ’ਚੋਂ ਬਾਹਰ ਜਾਣ ਲਈ ਕਿਹਾ ਤੇ ਮਾਹੌਲ ਠੰਢਾ ਕੀਤਾ।
ਇਸ ਮਗਰੋਂ ਜੈਜੀਤ ਜੌਹਲ ਨੇ ਚੋਣ ਪ੍ਰਕਿਰਿਆ ਬਾਰੇ ਬੋਲਦਿਆਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਕਿਸੇ ਨੂੰ ਵੀ ਪਿਛਲੇ ਦਰਵਾਜ਼ਿਓਂ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੀ ਮਦਦ ਕੀਤੀ ਹੈ, ਉਹ ਚੋਣ ਅਮਲ ਬਾਰੇ ਸਲਾਹਾਂ ਕਿਉਂ ਦੇ ਰਹੇ ਹਨ? ਸੁਰਿੰਦਰਜੀਤ ਸਿੰਘ ਸਾਹਨੀ ਨੇ ਵੀ ਚੋਣ ਪ੍ਰਕਿਰਿਆ ਨੂੰ ਜਮਹੂਰੀ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਰਾਇ ਦਿੱਤੀ। ਕਾਂਗਰਸ ਆਹਲਾ ਕਮਾਨ ਵੱਲੋਂ ਪੁੱਜੇ ਚੋਣ ਅਧਿਕਾਰੀ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਵਰਕਰਾਂ ਦੀ ਸਲਾਹ ਲੈਣ ਆਏ ਸਨ ਤੇ ਆਪਣੀ ਰਿਪੋਰਟ ਹਾਈਕਮਾਨ ਨੂੰ ਭੇਜਣਗੇ।
ਉਧਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਨੇ ਅੱਜ ਲਾਈਵ ਹੋ ਕੇ ਕੁਝ ਆਗੂਆਂ ’ਤੇ ਦੋਸ਼ ਲਾਉਂਦਿਆਂ ‘ਆਪ’ ਦੀ ਮਦਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਮਨਪ੍ਰੀਤ ਬਾਦਲ ਦੇ ਹਲਕਾ ਇੰਚਾਰਜ ਹੋਣ ਦੇ ਹਵਾਲੇ ਨਾਲ ਉਨ੍ਹਾਂ ਦੀ ਸਲਾਹ ਨਾਲ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਰਾਜਾ ਵੜਿੰਗ ਨੂੰ ਆਪਣਾ ਛੋਟਾ ਭਰਾ ਕਹਿੰਦਿਆਂ ਸਤਿਕਾਰ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਆਖਿਆ ਕਿ ਕੁਝ ਚਾਪਲੂਸ ਕਿਸਮ ਦੇ ਵਿਅਕਤੀ ਦੋਵਾਂ ਲੀਡਰਾਂ ਨੂੰ ‘ਭੜਕਾਉਣ’ ਦੀ ਕੋਸ਼ਿਸ਼ ਕਰ ਰਹੇ ਹਨ।
ਸੂਤਰਾਂ ਮੁਤਾਬਕ ਬੁੱਧਵਾਰ ਸ਼ਾਮ ਨੂੰ ਮਨਪ੍ਰੀਤ ਸਿੰਘ ਬਾਦਲ ਖੇਮੇ ਦੀ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਜੋਂ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਮੋਹਨ ਲਾਲ ਝੁੰਬਾ ਦੇ ਨਾਂ ’ਤੇ ਮੋਹਰ ਲੱਗੀ ਹੈ ਤੇ ਇਸ ਬਾਰੇ ਚੋਣ ਅਬਜ਼ਰਜ਼ਰ ਕੋਲ ਸਿਫ਼ਾਰਸ਼ ਵੀ ਕੀਤੀ ਗਈ ਹੈ।